
ਕੋਰੋਨਾ ਦੀ ਲਪੇਟ 'ਚ ਆਈ ਨਰਸ ਹੁਣ ਆਈਸੋਲੇਸ਼ਨ ਵਾਰਡ 'ਚ ਹੀ ਦੇ ਸਕੇਗੀ ਇਮਤਿਹਾਨ
ਚੰਡੀਗੜ੍ਹ, 16 ਜੂਨ(ਗੁਰਉਪਦੇਸ਼ ਭੁੱਲਰ): ਪੰਜਾਬ ਵਿਚ ਕੋਰੋਨਾ ਕਹਿਰ ਮਚਾ ਰਿਹਾ ਹੈ। ਪੰਜਾਬ ਵਿਚ 24 ਘੰਟੇ ਦੌਰਾਨ 3 ਹੋਰ ਮੌਤਾਂ ਦੀ ਖ਼ਬਰ ਹੈ। ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ ਭੀ 3376 ਤਕ ਪਹੁੰਚ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਆ ਫਿਰ 24 ਘੰਟੇ ਦੇ ਸਮੇਂ ਦੌਰਾਨ 110 ਨਵੇਂ ਪਾਜ਼ੇਟਿਵ ਕੇਸ ਆਏ ਹਨ। ਮਲੇਰਕੋਟਲਾ, ਜਲੰਧਰ , ਤਰਨਤਾਰਨ ਅਤੇ ਲੁਧਿਆਣਾ ਵਿਖੇ 1-1 ਨਵੀਂ ਮੌਤ ਹੋਈ ਹੈ। ਫ਼ਿਰੋਜ਼ਪੁਰ ਡਵੀਜ਼ਨ ਦੇ ਰੇਲਵੇ ਅਧਿਕਾਰੀ ਰਾਜ ਕੁਮਾਰ ਦੀ ਵੀ ਕੋਰੋਨਾ ਨੇ ਜਾਨ ਲੈ ਲਈ ਜੋ ਲੁਧਿਆਣਾ ਦਾਖ਼ਲ ਸਨ।
ਜਲੰਧਰ ਵਿਚ ਸੱਭ ਤੋਂ ਵੱਧ 34 ਪਾਜ਼ੇਟਿਵ ਕੇਸ ਆਏ ਹਨ। ਅੱਜ 18 ਮਰੀਜ਼ ਹੋਰ ਠੀਕ ਵੀ ਹੋਏ ਹਨ ਅਤੇ ਹੁਣ ਠੀਕ ਹੋਣ ਵਾਲਿਆਂ ਦੀ ਕੁਲ ਗਿਣਤੀ 2461 ਹੋ ਗਈ ਹੈ। ਇਸ ਸਮੇਂ 838 ਮਰੀਜ਼ ਇਲਾਜ ਅਧੀਨ ਹਨ। ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਐਮਰਜੈਂਸੀ ਵਾਰਡ ਵਿਚ ਡਿਊਟੀ ਕਰਦਿਆਂ ਕਰੋਨਾ ਬਿਮਾਰੀ ਦੀ ਚਪੇਟ ਵਿਚ ਆਈ ਨਰਸ ਜਸਕਰਨ ਕੌਰ ਵਾਸਤੇ ਇਕ ਰਾਹਤ ਭਰੀ ਖ਼ਬਰ ਹੈ। ਜਸਕਰਨ ਕੌਰ ਹੁਣ ਅਪਣੀ ਨੌਕਰੀ ਨੂੰ ਪੱਕਿਆਂ ਕਰਨ ਵਾਲੀ ਪ੍ਰੀਖਿਆ ਵਿਚ ਸ਼ਾਮਲ ਹੋਣ ਵਾਸਤੇ ਆਈਸੋਲੇਸ਼ਨ ਵਾਰਡ ਵਿਚ ਹੀ ਇਮਤਿਹਾਨ ਦੇਣ ਦੀ ਛੂਟ ਦਿਤੀ ਗਈ ਹੈ ਅਤੇ ਇਸ ਵਾਸਤੇ ਪ੍ਰਬੰਧ ਕਰਨ ਦੇ ਆਦੇਸ਼ ਦੇ ਦਿਤੇ ਗਏ ਹਨ।
Corona Virus
ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ 'ਚ ਸਥਿਤ ਇਕਾਂਤਵਾਸ ਵਾਰਡ ਵਿਚ ਡਿਊਟੀ ਕਰਦਿਆਂ ਕੋਰੋਨਾਵਾਇਰਸ ਪਾਜ਼ੇਟਿਵ ਆਈ ਇਥੋਂ ਦੀ ਕੰਟਰੈਕਟ ਆਧਾਰਤ ਸਟਾਫ਼ ਨਰਸ ਦਾ 21 ਜੂਨ ਨੂੰ ਸਟਾਫ਼ ਨਰਸ ਦੀ ਰੈਗੂਲਰ ਅਸਾਮੀ ਲਈ ਹੋਣ ਵਾਲਾ ਇਮਤਿਹਾਨ ਕੋਰੋਨਾ ਵਾਰਡ ਵਿਚ ਹੀ ਹੋਵੇਗਾ। ਇਹ ਇਮਤਿਹਾਨ ਬਾਬਾ ਫ਼ਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸਿਜ਼ ਫ਼ਰੀਦਕੋਟ ਵਲੋਂ ਲਿਆ ਜਾਣਾ ਹੈ। ਰਾਜਿੰਦਰਾ ਹਸਪਤਾਲ ਪਟਿਆਲਾ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ ਨੇ ਦਸਿਆ ਕਿ ਇਹ ਖ਼ਬਰ ਸੁਣ ਕੇ ਪੀੜਤ ਨਰਸ ਖ਼ੁਸ਼ ਹੈ ਤੇ ਉਹ ਵਾਰਡ ਵਿਚ ਹੀ ਇਮਤਿਹਾਨ ਦੀ ਤਿਆਰੀ ਕਰ ਰਹੀ ਹੈ।
ਬਾਬਾ ਫਰੀਦ ਯੂਨੀਵਰਸਟੀ ਆਫ਼ ਹੈਲਥ ਸਾਇੰਸ ਦੇ ਵੀਸੀ ਰਾਜ ਬਹਾਦਰ ਨੇ ਦਸਿਆ ਹੈ ਕਿ ਇਸ ਵਾਸਤੇ ਯੂਨੀਵਰਸਟੀ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਜਸਕਰਨ ਕੌਰ ਪ੍ਰੀਖਿਆ ਦੇ ਸਕੇ। ਇਸ ਬਾਰੇ ਜਸਕਰਨ ਕੌਰ ਨੇ ਸਰਕਾਰ ਦਾ ਧਨਵਾਦ ਕਰਦਿਆਂ ਕਿਹਾ ਕਿ ਉਸ ਨੂੰ ਖ਼ੁਸ਼ੀ ਹੋਈ ਕਿ ਉਸ ਦੇ ਲਈ ਇਹ ਸੱਭ ਕੀਤਾ ਗਿਆ। ਉਸ ਦਾ ਇਹ ਸੁਪਨਾ ਸੀ ਕਿ ਉਹ ਨਰਸਿੰਗ ਕਰ ਕੇ ਲੋਕ ਸੇਵਾ ਕਰੇ।