
ਆਈਸੀਐਮਆਰ ਦੇ ਦਿਸ਼ਾ ਨਿਰਦੇਸ਼ਾਂ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਅਤੇ ਪ੍ਰਾਈਵੇਟ ਲੈਬਾਟਰੀਆਂ ਦਾ ਕੁਆਲਟੀ ਆਡਿਟ ਕਰਵਾਇਆ ਜਾਵੇਗਾ
ਚੰਡੀਗੜ੍ਹ, 16 ਜੂਨ (ਸਪੋਕਸਮੈਨ ਸਮਾਚਾਰ ਸੇਵਾ): ਕੋਵਿਡ-19 ਕੇਸਾਂ ਦੇ ਜ਼ਿਆਦਾ ਫੈਲਾਅ ਵਾਲੇ ਕੰਟੇਨਟਮੈਂਟ ਜ਼ੋਨਾਂ ਅਤੇ ਇਨ੍ਹਾਂ ਕੰਟੇਨਟਮੈਂਟ ਜ਼ੋਨਾਂ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨੂੰ ਦਰਸਾਉਣ ਵਾਸਤੇ ਸਾਰੇ ਜ਼ਿਲ੍ਹਿਆਂ ਵਿਚ ਅਜਿਹੇ ਖੇਤਰਾਂ ਦੀਆਂ ਸੀਮਾਵਾਂ ਦੀ ਸਟੀਕ ਨਿਸ਼ਾਨਦੇਹੀ ਕਰਨ ਲਈ ਸਿਵਲ ਸਰਜਨਾਂ ਦੀ ਅਗਵਾਈ ਹੇਠ ਜ਼ਿਲ੍ਹਾ ਤਕਨੀਕੀ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਕ ਪ੍ਰੈਸ ਬਿਆਨ ਵਿਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦਸਿਆ ਕਿ ਵਿਸ਼ੇਸ਼ ਖੇਤਰ ਵਿਚ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਅਜਿਹੇ ਖੇਤਰ ਜਿਥੇ ਕਰੋਨਾਵਾਇਰਸ ਦੇ 5 ਜਾਂ ਇਸ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ, ਨੂੰ ਮਾਈਕਰੋ-ਕੰਟੇਨਮੈਂਟ ਜ਼ੋਨ ਵਜੋਂ ਦਰਸਾਉਣ ਦਾ ਫ਼ੈਸਲਾ ਕੀਤਾ ਗਿਆ ਹੈ।
ਕੰਟੇਨਮੈਂਟ ਅਤੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਦੀ ਨਿਸ਼ਾਨਦੇਹੀ ਦਾ ਫ਼ੈਸਲਾ ਸਿਵਲ ਸਰਜਨ, ਜ਼ਿਲ੍ਹਾ ਐਪੀਡੈਮੀਓਲੋਜਿਸਟ, ਪ੍ਰਸ਼ਾਸਨ ਦੇ ਇਕ ਨੋਡਲ ਅਧਿਕਾਰੀ, ਪੀਐਸਐਮ ਵਿਭਾਗ ਦੇ ਇਕ ਨੋਡਲ ਅਧਿਕਾਰੀ, ਪੀ.ਐਸ.ਐਮ ਵਿਭਾਗ, ਮੈਡੀਕਲ ਕਾਲਜਿਜ਼ ਦੇ ਨੋਡਲ ਅਧਿਕਾਰੀ ਦੀ ਸ਼ਮੂਲੀਅਤ ਵਾਲੀ ਕਮੇਟੀ ਵੱਲੋਂ ਲਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜ਼ਿਲ੍ਹਾ ਤਕਨੀਕੀ ਕਮੇਟੀ ਕੰਟੇਨਮੈਂਟ/ਮਾਈਕਰੋ ਕੰਟੇਨਮੈਂਟ ਜ਼ੋਨਾਂ ਵਜੋਂ ਦਰਸਾਏ ਜਾਣ ਵਾਲੇ ਖੇਤਰਾਂ ਸਬੰਧੀ ਫੈਸਲੇ ਬਾਰੇ ਤੁਰੰਤ ਕੋਵਿਡ-19 ਲਈ ਗਠਿਤ ਸੂਬਾ ਕਮੇਟੀ ਜਿਸ ਵਿੱਚ ਕਾਰਜਕਾਰੀ ਡਾਇਰੈਕਟਰ, ਐਸਐਚਐਸਆਰਸੀ, ਡਾਇਰੈਕਟਰ ਸਿਹਤ ਸੇਵਾਵਾਂ ਅਤੇ ਰਾਜ ਨੋਡਲ ਅਧਿਕਾਰੀ ਸ਼ਾਮਲ ਹਨ, ਨੂੰ ਸੂਚਿਤ ਕਰੇਗੀ।
Balbir Singh Sidhu
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਤਕਨੀਕੀ ਕਮੇਟੀ ਸਪਾਟ ਮੈਪਿੰਗ , ਸਟੀਕ ਸੀਮਾਵਾਂ ਦੇ ਨਾਲ ਨਾਲ ਕੰਨਟੇਨਮੈਂਟ ਜ਼ੋਨ ਵਿੱਚ ਆਬਾਦੀ ਜਿਸ ਵਿੱਚ ਹੋਰਨਾਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਪਹਿਚਾਣ ਕਰਨਾ ਸ਼ਾਮਲ ਹੈ, ਬਾਰੇ ਵੀ ਦਰਸਾਏਗੀ। ਇਸ ਤੋਂ ਇਲਾਵਾ ਇਹ ਸਮਰਪਿਤ ਕਮੇਟੀਆਂ ਖੇਤਰ ਵਿੱਚ ਤਾਇਨਾਤ ਕੀਤੀਆਂ ਜਾਣ ਵਾਲੀਆਂ ਟੀਮਾਂ ਦੀ ਗਿਣਤੀ ਦੇ ਨਾਲ ਨਾਲ ਐਕਟਿਵ ਕੇਸਾਂ ਦੀ ਭਾਲ ਸਬੰਧੀ ਯੋਜਨਾ ਵੀ ਉਲੀਕਣਗੀਆਂ। ਸਿਹਤ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਕੋਵਿਡ-19 ਦੇ ਟੈਸਟ ਕਰ ਰਹੇ ਪ੍ਰਾਈਵੇਟ ਹਸਪਤਾਲਾਂ, ਕਲੀਨਿਕਾਂ ਅਤੇ ਲੈਬਾਂ ਦੀ ਜਾਂਚ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੁਆਰਾ ਲਏ ਗਏ ਨਮੂਨਿਆਂ ਦੇ ਵੇਰਵੇ ਜ਼ਿਲ੍ਹੇ ਦੇ ਸਿਵਲ ਸਰਜਨ ਅਤੇ ਇਸਦੀ ਇੱਕ ਕਾਪੀ ਆਈ.ਡੀ.ਐਸ.ਪੀ. ਨੂੰ ਭੇਜਣਾ ਲਾਜ਼ਮੀ ਕੀਤਾ ਗਿਆ ਹੈ।ਪ੍ਰਾਈਵੇਟ ਹਸਪਤਾਲਾਂ / ਕਲੀਨਿਕਾਂ / ਲੈਬਾਰਟਰੀਆਂ ਨੂੰ ਆਈਸੀਐਮਆਰ ਦੇ ਪ੍ਰੋਟੋਕੋਲ ਅਨੁਸਾਰ ਨਮੂਨੇ ਲੈਣ ਅਤੇ ਟੈਸਟ ਕਰਨ ਸਬੰਧੀ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ।
ਸ. ਸਿੱਧੂ ਨੇ ਅੱਗੇ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਲੈਬਾਰਟਰੀਆਂ ਦਾ ਨਿਯਮਤ ਕੁਆਲਟੀ ਆਡਿਟ ਕਰਵਾਉਣ ਦਾ ਫੈਸਲਾ ਵੀ ਲਿਆ ਗਿਆ ਹੈ ਜਿਸ ਤਹਿਤ ਸਰਕਾਰੀ ਮੈਡੀਕਲ ਕਾਲਜ ਲੈਬ ਅਤੇ ਪ੍ਰਾਈਵੇਟ ਮੈਡੀਕਲ ਕਾਲਜ ਲੈਬ (ਸੀ.ਐੱਮ.ਸੀ. ਅਤੇ ਡੀ.ਐੱਮ.ਸੀ.) ਚੋਂ ਸਟੋਰ ਕੀਤੇ 5 ਪਾਜ਼ੇਟਿਵ ਅਤੇ 5 ਨੈਗੇਟਿਵ ਨਮੂਨੇ ਪੀ.ਜੀ.ਆਈ, ਚੰਡੀਗੜ੍ਹ ਨੂੰ ਭੇਜੇ ਜਾਣਗੇ। ਇਸੇ ਤਰ੍ਹਾਂ ਟੈਸਟਿੰਗ ਲਈ ਪ੍ਰਵਾਨਤ ਹਰੇਕ ਪ੍ਰਾਈਵੇਟ ਲੈਬ ਚੋਂ ਸਟੋਰ ਕੀਤੇ ਨਮੂਨੇ ਮਹੀਨਾਵਾਰ ਅਧਾਰ `ਤੇ ਨਜ਼ਦੀਕੀ ਸਰਕਾਰੀ ਲੈਬ ਵਿੱਚ ਭੇਜੇ ਜਾਣਗੇ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਭੇਜੇ ਜਾ ਰਹੇ ਨਮੂਨਿਆਂ ਦੇ ਨਤੀਜੇ ਲੈਬ ਨਾਲ ਸਾਂਝੇ ਨਹੀਂ ਕੀਤੇ ਜਾਣਗੇ।