
ਗਿਆਨੀ ਮਾਨ ਸਿੰਘ ਅਪਣੇ ਨਾਲ ਹੋਏ ਧੱਕੇ ਬਾਰੇ ਸੰਗਤਾਂ ਨੂੰ ਦਸਣ : ਸਰਚਾਂਦ ਸਿੰਘ ਖ਼ਿਆਲਾ
ਅੰਮ੍ਰਿਤਸਰ, 16 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਸਿੰਘ ਦੀ ਪਦਵੀ ਤੋਂ ਅਸਤੀਫ਼ਾ ਦੇ ਚੁੱਕੇ ਗਿਆਨੀ ਮਾਨ ਸਿੰਘ ਨੂੰ ਅਪਣੇ ਨਾਲ ਹੋਏ ਕਥਿਤ ਧੱਕੇ ਬਾਰੇ ਸੰਗਤ ਜਾਂ ਮੀਡੀਆ ਨੂੰ ਖੁਲ੍ਹ ਕੇ ਦਸਣ ਦੀ ਚੁਨੌਤੀ ਦਿੰਦਿਆਂ ਫ਼ੈਡਰੇਸ਼ਨ ਆਗੂ ਪ੍ਰੋ: ਸਰਚਾਂਦ ਸਿੰਘ ਖ਼ਿਆਲਾ ਨੇ ਕਿਹਾ ਕਿ ਵਿਵਾਦ ਕਿਸੇ ਦੀ ਸਾਜ਼ਸ਼ ਹੈ ਤਾਂ ਉਸ ਦੀ ਸਾਰੀ ਹਕੀਕਤ ਸੰਗਤ ਸਾਹਮਣੇ ਆਉਣੀ ਚਾਹੀਦੀ ਹੈ। ਗਿਆਨੀ ਮਾਨ ਸਿੰਘ ਨਾਲ ਹਮਦਰਦੀ ਰੱਖਣ ਵਾਲਿਆਂ ਨੂੰ ਅਸਤੀਫ਼ੇ ਪਿੱਛੇ ਕੋਈ ਡੂੰਘੀ ਸਾਜ਼ਸ਼ ਲੱਗ ਰਹੀ ਹੈ, ਜੇ ਉਹ ਬੇਕਸੂਰ ਹੈ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਰਾਹੀਂ ਕਿਸੇ ਦੇ ਦਬਾਅ ਅਧੀਨ ਉਨ੍ਹਾਂ ਨਾਲ ਧੱਕਾ ਹੋਇਆ ਹੈ ਤਾਂ ਉਸ ਬਾਰੇ ਗਿਆਨੀ ਮਾਨ ਸਿੰਘ ਰੂਪੋਸ਼ ਹੋਣ ਦੀ ਥਾਂ ਖੁਲ੍ਹ ਕੇ ਦਸਣ।
ਗਿ. ਮਾਨ ਸਿੰਘ ਨਾਲ ਧੱਕਾ ਹੋਇਆ ਤਾਂ ਉਸ ਨੂੰ ਗੁਰਦਵਾਰਾ ਐਕਟ ਦੀ ਧਾਰਾ 134 ਤੇ 135 ਤਹਿਤ ਇਹ ਹੱਕ ਹਾਸਲ ਹੈ ਕਿ ਉਹ ਅਪਣੀ ਬੇਗੁਨਾਹੀ ਬੋਰਡ ਜਾਂ ਅਦਾਲਤ ਸਾਹਮਣੇ ਰੱਖ ਸਕਦਾ ਹੈ। ਪਰ ਪਤਾ ਨਹੀਂ ਉਹ ਇਸ ਹੱਕ ਦਾ ਇਸਤੇਮਾਲ ਕਿਉਂ ਨਹੀਂ ਕਰ ਰਹੇ? ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਿਸੇ ਵੀ ਗ੍ਰੰਥੀ ਸਿੰਘ ‘ਵਜ਼ੀਰ ਸਾਹਿਬ’ ਦਾ ਅਸਤੀਫ਼ਾ ਕਬੂਲ ਕਰਨ ਤੋਂ ਪਹਿਲਾਂ ਉਸ ਬਾਬਤ ਅੰਤ੍ਰਿਗ ਕਮੇਟੀ ਵਿਚ ਵਿਚਾਰਿਆ ਜਾਣਾ ਬਣਦਾ ਸੀ। ਇਹ ਕੋਈ ਆਮ ਅਹੁਦਾ ਨਹੀਂ, ਇਸ ’ਤੇ ਨਿਯੁਕਤ ਕਰਨ ਅਤੇ ਉਨ੍ਹਾਂ ਦੀ ਛੁੱਟੀ ਜਾਂ ਅਸਤੀਫ਼ਾ ਪ੍ਰਵਾਨ ਕਰਨ ਦੇ ਵੀ ਕੁੱਝ ਖ਼ਾਸ ਨਿਯਮ ਹਨ ਜਾਂ ਫਿਰ ਬੀਬੀ ਜਗੀਰ ਕੌਰ ਵਲੋਂ ਕੁੱਝ ਤੱਥ ਸੰਗਤ ਤੋਂ ਲੁਕੋਏ ਜਾ ਰਹੇ ਹਨ? ਉਨ੍ਹਾਂ ਕਿਹਾ ਕਿ ਜੇ ਗਿਆਨੀ ਮਾਨ ਸਿੰਘ ਨੇ ਸਿਹਤ ਠੀਕ ਨਾ ਹੋਣ ਕਾਰਨ ਅਸਤੀਫ਼ਾ ਦਿਤਾ ਹੈ ਤਾਂ ਇਹ ਬਹਾਨਾ ਬਹੁਤਿਆਂ ਲਈ ਗਲੇ ਵਿਚੋਂ ਉਤਾਰਨਾ ਔਖਾ ਹੈ ਕਿਉਂਕਿ ਸਿਹਤ ਠੀਕ ਨਾ ਹੋਣ ’ਤੇ ਲੰਮੀ ਮੈਡੀਕਲ ਛੁੱਟੀ ਲਈ ਜਾ ਸਕਦੀ ਸੀ, ਸ਼ਾਇਦ ਲਈ ਵੀ? ਪਰ ਕਿਸੇ ਜਲਦਬਾਜ਼ੀ ਦੀ ਬਿਲਕੁਲ ਲੋੜ ਨਹੀਂ ਸੀ। ਸਰਚਾਂਦ ਸਿੰਘ ਨੇ ਮੰਗ ਕੀਤੀ ਕਿ ਅਸਲ ਕਾਰਨ ਦਾ ਪਤਾ ਲਗਾਇਆ ਜਾਵੇ।