
ਹਾਕੀ ਉਲੰਪੀਅਨ ਰਜਿੰਦਰ ਸਿੰਘ ਨੇ ਪ੍ਰਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
ਅੰਮ੍ਰਿਤਸਰ, 16 ਜੂਨ (ਸੁਖਵਿੰਦਰਜੀਤ ਸਿੰਘ ਬਹੋੜੂ): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਹਾਕੀ ਓਲੰਪੀਅਨ ਸ. ਰਜਿੰਦਰ ਸਿੰਘ ਨਤਮਸਤਕ ਹੋਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਉਨ੍ਹਾਂ ਇਸ ਮੌਕੇ ਕੁੱਝ ਪਲ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਉਨ੍ਹਾਂ ਨਾਲ ਪ੍ਰਵਾਰਕ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਤੇ ਗੁਰੂ ਬਖ਼ਸ਼ਿਸ਼ ਸਿਰਪਾਉ ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਤ ਕੀਤਾ।
ਸਨਮਾਨਤ ਕਰਨ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ. ਰਜਿੰਦਰ ਸਿੰਘ ਨੇ ਹਾਕੀ ਖੇਡ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ। ਉਹ ਭਾਰਤੀ ਹਾਕੀ ਟੀਮ ਦੇ ਚੀਫ਼ ਕੋਚ ਵੀ ਰਹੇ ਹਨ ਅਤੇ ਹਾਕੀ ਖੇਡ ਵਿਚ ਕੀਤੀਆਂ ਪ੍ਰਾਪਤੀਆਂ ਬਦਲੇ ਭਾਰਤ ਸਰਕਾਰ ਵਲੋਂ ਦਰੋਣਾਚਾਰੀਆ ਐਵਾਰਡ ਵੀ ਹਾਸਲ ਕਰ ਚੁੱਕੇ ਹਨ। ਬੀਬੀ ਜਗੀਰ ਕੌਰ ਨੇ ਸ. ਰਜਿੰਦਰ ਸਿੰਘ ਨਾਲ ਸ਼੍ਰੋਮਣੀ ਕਮੇਟੀ ਦੀਆਂ ਹਾਕੀ ਟੀਮਾਂ ਨੂੰ ਇੰਟਰਨੈਸ਼ਨਲ ਪੱਧਰ ’ਤੇ ਪ੍ਰਮੋਟ ਕਰਨ ਲਈ ਵਿਚਾਰ-ਵਟਾਂਦਰਾਂ ਵੀ ਕੀਤਾ। ਸ. ਰਜਿੰਦਰ ਸਿੰਘ ਨੇ ਸ਼੍ਰੋਮਣੀ ਕਮੇਟੀ ਵਲੋਂ ਮਿਲੇ ਸਨਮਾਨ ਲਈ ਬੀਬੀ ਜਗੀਰ ਕੌਰ ਦਾ ਧਨਵਾਦ ਕੀਤਾ।