
ਰੋਡ ਕਿਸਾਨ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦਿਤੇ ਮੰਗ ਪੱਤਰ
ਕੁੱਪ ਕਲਾਂ, 16 ਜੂਨ (ਮਾ.ਕੁਲਦੀਪ ਸਿੰਘ ਲਵਲੀ): ਭਾਰਤ ਮਾਲਾ ਪ੍ਰੋਜੈਕਟ ਵਿਰੁੱਧ ਸੰਘਰਸ਼ ਕਰ ਰਹੀ ਰੋਡ ਕਿਸਾਨ ਸੰਘਰਸ਼ ਕਮੇਟੀ ਪੰਜਾਬ 2 ਦੇ ਬਲਾਕ ਅਹਿਮਦਗੜ੍ਹ ਦੇ ਮੈਂਬਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕੱਤਰਤਾ ਕੀਤੀ ਗਈ ਤੇ ਐਸ.ਡੀ.ਐਮ ਅਹਿਮਦਗੜ੍ਹ ਦੇ ਨਾਂ ਤਹਿਸੀਲਦਾਰ ਗਗਨਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ। ਉਪਰੋਕਤ ਜਾਣਕਾਰੀ ਦਿੰਦਿਆਂ ਰੋਡ ਕਿਸਾਨ ਸੰਘਰਸ਼ ਕਮੇਟੀ, ਬਲਾਕ ਅਹਿਮਦਗੜ੍ਹ ਦੇ ਪ੍ਰਧਾਨ ਸਰਬਜੀਤ ਸਿੰਘ ਕੁੱਪ ਖੁਰਦ ਤੇ ਪੀੜਤ ਕਿਸਾਨਾਂ ਨੇ ਕਿਹਾ ਕਿ ਜਿਲਾ ਸੰਗਰੂਰ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਵਿੱਕੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਨਾਂ ਵੱਲੋਂ ਬਲਾਕ ਅਹਿਮਦਗੜ੍ਹ ਤੇ ਮਲੇਰਕੋਟਲਾ ਦੇ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤੇ ਗਏ ਹਨ ਤੇ ਉਨਾਂ ਵੱਲੋਂ ਉਨਾਂ ਨੂੰ ਅੱਜ ਡੀ.ਸੀ. ਸਾਹਿਬ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਜੇਕਰ ਪ੍ਰਸ਼ਾਸਨ ਵੱਲੋਂ ਸਾਡੀਆਂ ਮੰਗਾਂ ਨੂੰ ਨਜ਼ਰ ਅੰਦਾਜ ਕੀਤਾ ਗਿਆ ਜਾਂ ਕੋਈ ਲਿਖਤੀ ਭਰੋਸਾ ਨਾ ਦਿੱਤਾ ਤਾਂ ਅੱਜ ਤੋਂ ਹੀ ਲੁਧਿਆਣਾ-ਮਾਲੇਰਕੋਟਲਾ ਰੋਡ, ਨੇੜੇ ਪਿੰਡ ਬਾਲੇਵਾਲ ਵਿਖੇ ਅਣਮਿੱਥੇ ਸਮੇਂ ਲਈ ਧਰਨਾ ਲਗਾ ਕੇ ਰੋਡ ਜਾਮ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਸਾਡੀ ਮੁੱਖ ਮੰਗ ਹੈ ਕਿ ਐਕਵਾਇਰ ਕੀਤੀ ਜਾ ਰਹੀ ਜ਼ਮੀਨ ਦਾ ਮੁਆਵਜਾ ਜ਼ਮੀਨ ਦੀ ਮੌਜੂਦਾ ਮਾਰਕੀਟ ਵੈਲਯੂ ਤੇ 2 ਦਾ ਮਲਟੀਪਲਾਈ ਫੈਕਟਰ ਅਪਲਾਈ ਕਰਕੇ ਇਸ ਉਪਰ ਸੌ ਫੀਸਦੀ ਸਲੇਸ਼ੀਅਮ , ਹੋਰ ਭੱਤੇ ਅਤੇ ਵਿਆਜ ਵਗੈਰਾ ਦਿੱਤਾ ਜਾਵੇ ਤੇ ਸਾਂਝੀ ਖੇਵਟ ਹੋਣ ਦੀ ਸੂਰਤ ਵਿੱਚ , ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ , ਜ਼ਮੀਨ ਦੇ ਮੌਜੂਦਾ ਕਾਬਜ਼ ਮਾਲਕ ਨੂੰ ਅਦਾ ਕੀਤਾ ਜਾਵੇ ,ਨਾ ਕਿ ਸਾਰੇ ਸਾਂਝੀਵਾਲ ਮਾਲਕਾਂ ਨੂੰ । ਨਵੀਂ ਬਣਨ ਵਾਲੀ ਸੜਕ ਦੇ ਦੋਵੇਂ ਪਾਸੇ ਸਰਵਿਸ ਲੇਨ ਬਣਾਈ ਜਾਵੇ ਜਿਸ ਦੀ ਚੌੜਾਈ ਐਨ.ਓ.ਸੀ. ਦੇ ਨਿਯਮਾਂ ਮੁਤਾਬਕ ਹੋਣੀ ਚਾਹੀਦੀ ਹੈ। ਇਸ ਮੌਕੇ ਕੁਲਵਿੰਦਰ ਸਿੰਘ, ਮਲ ਸਿੰਘ, ਜਗਪਾਲ ਸਿੰਘ, ਗੁਰਤੇਜ ਸਿੰਘ, ਜਸਪਿੰਦਰ ਸਿੰਘ, ਜੰਗਦੀਨ, ਸੁਲਤਾਨ ਖਾਂ, ਰਘਵਿੰਦਰ ਸਿੰਘ, ਅਬਦੁਲ ਗੁਫਾਰ, ਗੁਰਪ੍ਰੀਤ ਸਿੰਘ ਤੇ ਹੋਰ ਪੀੜਤ ਕਿਸਾਨ ਹਾਜ਼ਰ ਸਨ।
ਫੋਟੋ 16-17