
ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਦੋ ਆਗੂਆਂ ਸਣੇ ਸੱਤ ਸਿੱਖ ਸ਼ਖ਼ਸੀਅਤਾਂ ਭਾਜਪਾ ਵਿਚ ਸ਼ਾਮਲ
ਚੰਡੀਗੜ੍ਹ, 16 ਜੂਨ (ਗੁਰਉਪਦੇਸ਼ ਭੁੱਲਰ): 2022 ਦੀਆਂ ਵਿਧਾਨ ਸਭਾ ਚੋਣਾਂ ਨੇੜੇ ਆਉਣ ਬਾਅਦ ਹੁਣ ਭਾਜਪਾ ਪੰਜਾਬ ਨੇ ਵੀ ਇਕੱਲਿਆਂ ਹੀ ਅਪਣੇ ਬਲਬੂਤੇ 117 ਸੀਟਾਂ 'ਤੇ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ | ਭਾਵੇਂ ਕਿਸਾਨੀ ਅੰਦੋਲਨ ਦੇ ਚਲਦੇ ਕਈ ਪ੍ਰਮੁੱਖ ਕਿਸਾਨ ਚਿਹਰੇ ਭਾਜਪਾ ਦਾ ਸਾਥ ਛੱਡ ਚੁੱਕੇ ਹਨ ਪਰ ਹੁਣ ਪੰਜਾਬ ਭਾਜਪਾ ਦੀ ਲੀਡਰਸ਼ਿਪ ਵਲੋਂ ਇਸ ਦੀ ਭਰਪਾਈ ਲਈ ਯਤਨ ਤੇਜ਼ ਕਰ ਦਿਤੇ ਹਨ | ਅੱਜ ਪ੍ਰਦੇਸ਼ ਭਾਜਪਾ ਨੂੰ ਉਸ ਸਮੇਂ ਇਨ੍ਹਾਂ ਕੋਸ਼ਿਸ਼ਾਂ ਵਿਚ ਥੋੜ੍ਹੀ ਸਫ਼ਲਤਾ ਮਿਲੀ ਹੈ, ਜਦ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਦੋ ਸਾਬਕਾ ਆਗੂਆਂ ਸਮੇਤ 7 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਭਾਜਪਾ ਵਿਚ ਸ਼ਾਮਲ ਹੋਈਆਂ ਹਨ | ਇਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਦੀ ਰਸਮ ਨਵੀਂ ਦਿੱਲੀ ਵਿਚ ਬੁਲਾ ਕੇ ਪਾਰਟੀ ਦੇ ਕੇਂਦਰੀ ਸੀਨੀਅਰ ਆਗੂਆਂ ਦੀ ਮੌਜੂਦਗੀ ਵਿਚ ਕੀਤੀ ਗਈ |
ਇਸ ਮੌਕੇ ਕੇਂਦਰੀ ਮੰਤਰੀ ਰਾਜੇਂਦਰ ਸ਼ੇਖਾਵਤ ਤੇ ਪੰਜਾਬ ਦੇ ਇੰਚਾਰਜ ਦੁਸ਼ਯੰਤ ਗੌਤਮ ਨਾਲ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਮੌਜੂਦ ਸਨ | ਜਿਹੜੇ 7 ਸਿੱਖ ਚੇਹਰੇ ਅੱਜ ਭਾਜਪਾ ਵਿਚ ਸ਼ਾਮਲ ਹੋਏ ਹਨ ਉਨ੍ਹਾਂ ਵਿਚ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ 1985 ਵਿਚ ਆਗੂ ਰਹੇ ਹਰਿੰਦਰ ਸਿੰਘ ਕਾਹਲੋਂ ਤੇ ਇਕ ਹੋਰ ਆਗੂ ਕੁਲਦੀਪ ਸਿੰਘ ਕਾਹਲੋਂ, ਗੁਰੂ ਕਾਂਸੀ ਯੂਨੀਵਰਸਿਟੀ ਦੇ ਸਾਬਕਾ ਵੀ.ਸੀ. ਜਸਵਿੰਦਰ ਸਿੰਘ ਢਿੱਲੋਂ, ਸੇਵਾ ਮੁਕਤ ਕਰਨਲ ਜੈਬੰਸ ਸਿੰਘ, ਸਾਬਕਾ ਡਿਪਟੀ ਐਡਵੋਕੇਟ ਜਨਰਲ ਜਗਮੋਹਨ ਸਿੰਘ ਸੈਣੀ, ਐਡਵੋਕੇਟ ਨਿਰਮਲ ਸਿੰਘ ਅਤੇ ਅਕਾਲੀ ਨੇਤਾ ਛਤਰਪਾਲ ਸਿੰਘ ਸ਼ਾਮਲ ਹਨ | ਭਾਜਪਾ ਦੇ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਦਾ ਦਾਅਵਾ ਹੈ ਕਿ ਛੇਤੀ ਹੀ ਹੋਰ ਸਿੱਖ ਆਗੂ ਭਾਜਪਾ ਵਿਚ ਸ਼ਾਮਲ ਹੋਣਗੇ |