ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਇੱਕ ਮਸ਼ੀਨ, ਟਿੱਪਰ ਅਤੇ ਟਰੈਕਟਰ ਟਰਾਲੀ ਬਰਾਮਦ ਕੀਤੀ ਸੀ।
ਚੰਡੀਗੜ੍ਹ - ਪੰਜਾਬ ਪੁਲਿਸ ਨੇ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਆ ਨੂੰ ਗ੍ਰਿਫਤਾਰ ਕਰ ਲਿਆ ਹੈ। ਪਠਾਨਕੋਟ ਦੀ ਤਾਰਾਗੜ੍ਹ ਪੁਲਿਸ ਚੌਕੀ ਨੇ ਕੁਝ ਦਿਨ ਪਹਿਲਾਂ ਰੇਤ ਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜੋਗਿੰਦਰਪਾਲ 'ਤੇ ਮਾਮਲਾ ਦਰਜ ਕੀਤਾ ਸੀ। ਇਸ ਵਿਚ ਪੁਲਿਸ ਨੇ ਨਾਜਾਇਜ਼ ਮਾਈਨਿੰਗ ਕਰਦੇ ਹੋਏ ਇੱਕ ਮਸ਼ੀਨ, ਟਿੱਪਰ ਅਤੇ ਟਰੈਕਟਰ ਟਰਾਲੀ ਬਰਾਮਦ ਕੀਤੀ ਸੀ। ਇਸ ਮਾਮਲੇ ਦੀ ਜਾਂਚ ਤੋਂ ਬਾਅਦ ਹੁਣ ਜੋਗਿੰਦਰਪਾਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਫਿਲਹਾਲ ਪੁਲਿਸ ਨੇ ਸਾਰਾ ਮਾਮਲਾ ਗੁਪਤ ਰੱਖਿਆ ਹੋਇਆ ਹੈ। ਇਸ ਬਾਰੇ ਕੋਈ ਕੁਝ ਨਹੀਂ ਕਹਿ ਰਿਹਾ।
ਮੁੱਢਲੀ ਜਾਣਕਾਰੀ ਅਨੁਸਾਰ ਕ੍ਰਿਸ਼ਨਾ ਸਟੋਨ ਸਟੋਰ ਦੇ ਨਾਂ ’ਤੇ ਕਰੱਸ਼ਰ ਸਟੋਰ ਹੈ। ਜਿਸ ਵਿਚ ਜੋਗਿੰਦਰਪਾਲ ਭੋਆ ਦੀ ਹਿੱਸੇਦਾਰੀ ਹੈ। ਇੱਥੇ ਪੁਲਿਸ ਨੇ ਛਾਪਾ ਮਾਰਿਆ ਸੀ। ਜਿਸ ਤੋਂ ਬਾਅਦ 8 ਜੂਨ ਨੂੰ ਛਾਪਾ ਮਾਰਿਆ ਗਿਆ। ਜੋਗਿੰਦਰਪਾਲ ਦਾ ਲੰਬੇ ਸਮੇਂ ਤੋਂ ਰੇਤ ਦੀ ਨਾਜਾਇਜ਼ ਮਾਈਨਿੰਗ 'ਚ ਨਾਂ ਸੀ। ਹਾਲਾਂਕਿ ਪਹਿਲਾਂ ਉਨ੍ਹਾਂ ਦੀ ਪਾਰਟੀ ਕਾਂਗਰਸ ਦੀ ਸਰਕਾਰ ਸੀ।
ਕਾਂਗਰਸੀ ਆਗੂ ਜੋਗਿੰਦਰਪਾਲ ਭੋਆ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਚਰਚਾ ਵਿਚ ਆਏ ਸਨ। ਉਹ ਕਿਸੇ ਸਮਾਗਮ ਵਿੱਚ ਗਏ ਸੀ ਜਿੱਥੇ ਇੱਕ ਨੌਜਵਾਨ ਨੇ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਵਿਕਾਸ ਹੋਇਆ। ਇਸ ਨਾਲ ਜੋਗਿੰਦਰਪਾਲ ਨਾਰਾਜ਼ ਹੋ ਗਏ ਸੀ। ਉਹਨਾਂ ਨੇ ਨੌਜਵਾਨ ਨੂੰ ਕੋਲ ਬੁਲਾ ਕੇ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਬੰਦੂਕਧਾਰੀਆਂ ਨਾਲ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਇਸ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ।