ਜੇਲ੍ਹ 'ਚੋਂ ਚਿੱਠੀ ਲਿਖ ਕੇ ਦਿਤਾ ਸਿੱਖ ਪੰਥ, ਪੰਜਾਬ ਅਤੇ ਪੰਜਾਬੀਅਤ ਲਈ 'ਮਾਨ' ਵਲੋਂ ਘਾਲੀ ਘਾਲਣਾ ਦਾ ਹਵਾਲਾ
ਨਵੀਂ ਦਿੱਲੀ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਿਆਸੀ ਪਾਰਟੀਆਂ ਅਤੇ ਸਿੱਖ ਸ਼ਖਸੀਅਤਾਂ ਵਲੋਂ ਵੱਖ-ਵੱਖ ਉਮੀਦਵਾਰਾਂ ਦੇ ਹੱਕ ਵਿਚ ਫ਼ੈਸਲੇ ਲਏ ਜਾ ਰਹੇ ਹਨ ਅਤੇ ਜਨਤਾ ਨੂੰ ਵੀ ਉਨ੍ਹਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਹੀ ਹੁਣ ਜਗਤਾਰ ਸਿੰਘ ਹਵਾਰਾ ਨੇ ਜੇਲ੍ਹ ਵਿਚੋਂ ਇੱਕ ਚਿੱਠੀ ਭੇਜੀ ਹੈ ਅਤੇ ਸੰਗਰੂਰ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਸੱਦਾ ਦਿਤਾ ਹੈ। ਉਨ੍ਹਾਂ ਨੇ ਚਿੱਠੀ ਵਿਚ ਕਿ ਪੰਥ ਅਤੇ ਕੌਮ ਖਾਤਰ ਸਿਮਰਨਜੀਤ ਸਿੰਘ ਮਾਨ ਨੇ ਪੰਜਾਬ ਪੁਲਿਸ 'ਚ ਉੱਚ ਅਹੁਦਾ ਵੀ ਤਿਆਗ ਦਿੱਤਾ ਸੀ। ਫਿਰ ਕਈ ਸਾਲ ਜੇਲ੍ਹ ਦੀਆਂ ਕਾਲ਼ ਕੋਠੜੀਆਂ ’ਚ ਵੀ ਰਹੇ।
ਉਹ ਕਈ ਵਰ੍ਹਿਆਂ ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਜੱਦੋ-ਜਹਿਦ ਕਰਦੇ ਆ ਰਹੇ ਹਨ। ਜਗਤਾਰ ਸਿੰਘ ਹਵਾਰਾ ਵਲੋਂ ਲਿਖੇ ਪੱਤਰ ’ਚ ਉਨ੍ਹਾਂ ਨੇ ਸਿਮਰਨਜੀਤ ਸਿੰਘ ਮਾਨ ਵੱਲੋਂ ਸਿੱਖ ਪੰਥ, ਪੰਜਾਬ ਤੇ ਪੰਜਾਬੀਅਤ ਲਈ ਘਾਲੀ ਘਾਲਣਾ ਦਾ ਹਵਾਲਾ ਦਿੱਤਾ ਹੈ। ਦੱਸਣਯੋਗ ਹੈ ਕਿ ਜਗਤਾਰ ਸਿੰਘ ਹਵਾਰਾ ਤਿਹਾੜ ਜੇਲ੍ਹ ਵਿਚ ਬੰਦ ਹਨ ਅਤੇ ਸੰਗਰੂਰ ਲੋਕ ਸਭਾ ਜ਼ਿਮਨੀ ਚੋਣ 23 ਜੂਨ ਨੂੰ ਹੋਣ ਵਾਲੀ ਹੈ ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਨੇ ਸੰਗਤ ਨੂੰ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿਚ ਵੋਟ ਕਰਨ ਦੀ ਅਪੀਲ ਕੀਤੀ ਹੈ।