
ਸਾਹ ਲੈਣ ਵਿੱਚ ਹੋਈ ਸੀ ਦਿੱਕਤ , ਇਕ ਭੈਣ ਦਾ ਇਕਲੌਤਾ ਭਰਾ ਸੀ ਮ੍ਰਿਤਕ
Sri Hemkunt Sahib Pilgrim Death : ਪੱਟੀ ਸ਼ਹਿਰ ਦੇ 25 ਸਾਲਾ ਨੌਜਵਾਨ ਸੁਖਮਨਪਾਲ ਸਿੰਘ ਦੀ ਹੇਮਕੁੰਟ ਸਾਹਿਬ ਦੀ ਯਾਤਰਾ ਦੌਰਾਨ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਪਰਿਵਾਰ ਉਸ ਦੀ ਲਾਸ਼ ਲੈਣ ਲਈ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਗਿਆ ਹੋਇਆ ਹੈ।
ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਮਨਪਾਲ ਸਿੰਘ ਪੁੱਤਰ ਹਰਪ੍ਰੀਤ ਸਿੰਘ ਇਕ ਭੈਣ ਦਾ ਇਕਲੌਤਾ ਭਰਾ ਸੀ। ਅਤੇ ਉਹ 12 ਜੂਨ ਨੂੰ ਆਪਣੇ 3 ਹੋਰ ਸਾਥੀਆਂ ਨਾਲ ਪੱਟੀ ਤੋਂ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਇਆ ਪਰ ਹੁਣ ਉਸਦੀ ਮੌਤ ਬਾਰੇ ਖ਼ਬਰ ਮਿਲੀ ਹੈ।
ਸਾਹ ਲੈਣ ਵਿੱਚ ਹੋਈ ਸੀ ਦਿੱਕਤ
ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਉਹ ਸ੍ਰੀ ਹੇਮਕੁੰਟ ਸਾਹਿਬ ਤੋਂ ਤਕਰੀਬਨ 300 ਕੁ ਮੀਟਰ ਦੂਰੀ ‘ਤੇ ਬਣੀਆਂ ਪੋੜੀਆਂ ਰਾਹੀ ਉੱਪਰ ਨੂੰ ਜਾ ਰਿਹਾ ਸੀ ਤਾਂ ਸੁਖਮਨਪਾਲ ਸਿੰਘ ਨੂੰ ਸਾਹ ਲੈਣ ਵਿੱਚ ਦਿੱਕਤ ਆਉਣੀ ਸ਼ੁਰੂ ਹੋ ਗਈ। ਫਿਰ ਓਥੇ ਹੀ ਉਸ ਦੀ ਮੌਤ ਹੋ ਗਈ।ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਖਮਨਪਾਲ ਸਿੰਘ ਪਹਿਲਾਂ ਵੀ ਕਈ ਵਾਰ ਸ੍ਰੀ ਹੇਮਕੁੰਟ ਸਾਹਿਬ ਗਿਆ ਸੀ।
ਉਨ੍ਹਾਂ ਦੱਸਿਆ ਕਿ ਸੁਖਮਨਪਾਲ ਸਿੰਘ ਇਸ ਤੋਂ ਪਹਿਲਾਂ ਵੀ ਕਈ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰ ਚੁੱਕਾ ਸੀ ਤੇ ਪਿਛਲੇ ਸਾਲ ਉਹ ਇੱਕ ਹੀ ਮਹੀਨੇ ਵਿੱਚ ਦੋ ਵਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਗਿਆ ਸੀ। ਉਹਨਾਂ ਕਿਹਾ ਕਿ ਸਾਡੀ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਮੇਟੀ ਨਾਲ ਫੋਨ ‘ਤੇ ਗੱਲ ਹੋ ਰਹੀ ਹੈ ਪਰ ਉਹਨਾਂ ਦੇ ਬਾਕੀ ਸਾਥੀਆਂ ਨਾਲ ਉਨ੍ਹਾਂ ਦੀ ਗੱਲ ਨਹੀਂ ਹੋ ਰਹੀ ਤੇ ਮੌਤ ਦੇ ਅਸਲ ਕਾਰਨਾਂ ਬਾਰੇ ਉਨ੍ਹਾਂ ਨੂੰ ਉੱਥੇ ਪਹੁੰਚ ਕੇ ਹੀ ਪਤਾ ਲੱਗੇਗਾ।