
ਚਿੱਟੇ ਨਸ਼ੇ ਦੇ ਖਾਤਮੇ ਲਈ ਪਿੰਡ-ਪਿੰਡ ਨੌਜਵਾਨਾਂ ਨੇ ਟੋਲੀਆਂ ਬਣਾ ਕੇ ਪਿੰਡਾਂ ਦੀਆਂ ਗਲੀਆਂ ਵਿਚ ਪਹਿਰੇ ਲਗਾਏ ਹੋਏ ਹਨ ਅਤੇ ਥੋੜਾ ਬਹੁਤ ਵੀ ਸ਼ੱਕ ਪੈਣ 'ਤੇ ਨਸ਼ਾ...
ਬਾਘਾ ਪੁਰਾਣਾ, ਚਿੱਟੇ ਨਸ਼ੇ ਦੇ ਖਾਤਮੇ ਲਈ ਪਿੰਡ-ਪਿੰਡ ਨੌਜਵਾਨਾਂ ਨੇ ਟੋਲੀਆਂ ਬਣਾ ਕੇ ਪਿੰਡਾਂ ਦੀਆਂ ਗਲੀਆਂ ਵਿਚ ਪਹਿਰੇ ਲਗਾਏ ਹੋਏ ਹਨ ਅਤੇ ਥੋੜਾ ਬਹੁਤ ਵੀ ਸ਼ੱਕ ਪੈਣ 'ਤੇ ਨਸ਼ਾ ਵੇਚਣ ਵਾਲੇ ਜਾਂ ਕਰਨ ਵਾਲੇ ਦੀ ਨਾ ਸਿਰਫ ਬੁਰੀ ਤਰ੍ਹਾਂ ਦੁਰਗਤੀ ਕਰਦੇ ਹਨ ਬਲਕਿ ਮੌਕੇ 'ਤੇ ਬੁਲਾ ਕੇ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਵੀ ਕਰ ਰਹੇ ਹਨ। ਪਿੰਡਾਂ ਅੰਦਰਲੇ ਨੌਜਵਾਨਾਂ ਦੇ ਇਸ ਉਦਮ ਦੀ ਜਿਥੇ ਲੋਕ ਸ਼ਲਾਘਾ ਕਰ ਰਹੇ ਹਨ, ਉਥੇ ਕਈ ਵਾਰ ਸਧਾਰਨ ਵਿਅਕਤੀ ਵੀ ਇਨ੍ਹਾਂ ਦੇ ਧੱਕੇ ਚੜ੍ਹ ਜਾਂਦਾ ਹੈ। ਇਸ ਲਈ ਹੁਣ ਕਸਬਿਆਂ ਜਾਂ ਸ਼ਹਿਰਾਂ ਵਿਚੋਂ ਲੋਕ ਪਿੰਡਾਂ ਨੂੰ ਜਾਣ ਹਿਤ ਘਬਰਾਉਣ ਲੱਗੇ ਹਨ।
ਬੀਤੇ ਦਿਨ ਇਥੋਂ ਨੇੜਲੇ ਪਿੰਡ ਨੱਥੋਕੇ ਵਿਖੇ ਅਜਿਹਾ ਹੀ ਇਕ ਵਿਅਕਤੀ ਜਿਹੜਾ ਸਕੂਟਰ 'ਤੇ ਪਿੰਡ ਵਿਚੋਂ ਗੁਜ਼ਰ ਰਿਹਾ ਸੀ, ਉਹ ਪਹਿਰਾ ਦੇ ਰਹੀ ਟੋਲੀ ਦੇ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਉਨ੍ਹਾਂ ਨਾਲ ਉਲਝ ਪਿਆ। ਟੋਲੀ ਨੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿਤੀ। ਠੀਕ ਇਸੇ ਸਮੇਂ ਉਸ ਨੂੰ ਜਾਣਨ ਵਾਲਾ ਵਿਅਕਤੀ ਜੇ ਮੌਕੇ 'ਤੇ ਨਾ ਪਹੁੰਚਦਾ ਤਾਂ ਉਸ ਦੀ ਹੋਰ ਵੀ ਦੁਰਗਤੀ ਹੋਣੀ ਸੀ। ਨੌਜਵਾਨਾਂ ਦੀਆਂ ਟੋਲੀਆਂ ਮੋਟਰਸਾਈਕਲਾਂ, ਗੱਡੀਆਂ ਅਤੇ ਹੋਰ ਸਾਧਨਾਂ ਰਾਹੀ ਪਿੰਡ ਦੇ ਹਰ ਰਸਤੇ ਜਾਂ ਗਲੀ ਦਾ ਚੱਕਰ ਲਗਾ ਰਹੀਆਂ ਹਨ।
ਇਸ ਤਰ੍ਹਾਂ ਦੀ ਹੀ ਪਹਿਰੇਦਾਰੀ ਕਰ ਰਹੀਆਂ ਪਿੰਡ ਘੋਲੀਆ ਕਲਾਂ ਦੀਆਂ ਵੱਖ-ਵੱਖ ਟੋਲੀਆਂ ਦੀ ਅਗਵਾਈ ਕਰ ਰਹੇ ਸੁਖਦੇਵ ਸਿੰਘ, ਸਨੀ ਸਿੰਘ, ਜਿੰਮੀ ਅਤੇ ਨੌਨਿਹਾਲ ਸਿੰਘ ਨੇ ਦਸਿਆ ਕਿ ਕੁਝ ਦਿਨ ਪਹਿਲਾਂ ਪੁਲਿਸ ਨਾਲ ਮੀਟਿੰਗ ਹੋਣ ਉਪਰੰਤ ਉਨ੍ਹਾਂ ਪਿੰਡ ਦੇ ਵੱਖ-ਵੱਖ ਚਾਰ ਗੁਰਦੁਵਾਰਿਆਂ ਵਿਚ ਅਨਾਊਂਸਮੈਂਟ ਕਰ ਕੇ ਨਸ਼ਾ ਵਿਸ਼ੇਸ਼ ਤੌਰ 'ਤੇ ਚਿੱਟਾ ਵੇਚਣ ਅਤੇ ਪੀਣ ਵਾਲਿਆਂ ਨੂੰ ਆਖਰੀ ਚੇਤਾਵਨੀ ਦਿਤੀ ਸੀ ਜਿਸ ਦੇ ਸਿੱਟੇ ਵਜੋਂ ਪਿੰਡ ਦੇ ਕੁਝ ਨਸ਼ਾ ਕਰਨ ਵਾਲੇ ਨੌਜਵਾਨ ਤਾਂ ਅਪਣਾ ਇਲਾਜ ਕਰਵਾਉਣ ਲਈ ਅੱਗੇ ਆਏ ਪਰ ਕੁਝ ਬਿਲੁਕਲ ਹੀ ਚੁੱਪ ਧਾਰ ਕੇ ਬੈਠ ਗਏ
ਜਿਸ ਨੂੰ ਵੇਖਦਿਆਂ ਉਨ੍ਹਾਂ ਵੱਖ-ਵੱਖ 9 ਟੋਲੀਆਂ ਦਾ ਗਠਨ ਕਰ ਕੇ ਪਿੰਡ ਵਿਚ ਦਿਨ ਸਮੇਂ ਪਹਿਰੇਦਾਰੀ ਸ਼ੁਰੂ ਕੀਤੀ ਹੋਈ ਹੈ। ਇਨ੍ਹਾਂ ਦਾ ਕਹਿਣ ਸੀ ਕਿ ਪਿੰਡ ਦਾ ਹੀ ਇਕ ਆਰ.ਐਮ.ਪੀ. ਡਾਕਟਰ ਕਥਿਤ ਤੌਰ 'ਤੇ ਇਕ ਪੂਰੀ ਦੀ ਪੂਰੀ ਦਲਿਤ ਬਸਤੀ ਨੂੰ ਚਿੱਟੇ ਦੇ ਕਾਲੇ ਦਰਿਆ ਵਿਚ ਡੋਬਣ ਲਈ ਜ਼ਿੰਮੇਵਾਰ ਮੰਨਿਆ ਜਾਦਾ ਹੈ। ਭਾਵੇਂ ਉਹ ਪਿਛਲੇ ਕੁਝ ਦਿਨਾਂ ਤੋਂ ਪਿੰਡ ਵਿਚੋਂ ਗਾਇਬ ਹੈ ਪਰ ਉਸ ਦੇ ਚੇਲੇ ਚਾਟੜੇ ਅੱਜ ਵੀ ਨਸ਼ਾ ਵੇਚਣ ਦੀ ਕੋਸ਼ਿਸ਼ ਵਿਚ ਹਨ। ਕਥਿਤ ਡਾਕਟਰ ਨੇ ਨਸ਼ਾ ਵੇਚਣ ਲਈ ਕਈ ਨੌਜਵਾਨਾਂ ਨੂੰ ਅਪਣੇ ਪਿੱਛੇ ਲਗਾਇਆ ਹੋਇਆ ਹੈ।
ਪਿੰਡ ਸੇਖਾਂ ਕਲਾਂ ਵਿਖੇ ਅਜਿਹੀਆਂ ਹੀ ਟੋਲੀਆਂ ਦੀ ਅਗਵਾਈ ਕਰ ਰਹੇ ਪ੍ਰਿਤਪਾਲ ਸਿੰਘ, ਬਹਾਦਰ ਸਿੰਘ, ਲਛਮਣ ਸਿੰਘ ਅਤੇ ਸ਼ਿੰਦਾ ਸਿੰਘ ਨੇ ਵੀ ਲਗਭਗ ਅਜਿਹਾ ਹੀ ਦਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪਿੰਡ ਮੇਨ ਰੋਡ 'ਤੇ ਹੋਣ ਕਾਰਨ ਉਨ੍ਹਾਂ ਨੂੰ ਦਿਨ ਦੇ ਨਾਲ-ਨਾਲ ਰਾਤ ਸਮੇਂ ਵੀ ਪਹਿਰਹੇਦਾਰੀ ਕਰਨੀ ਪੈ ਰਹੀ ਹੈ।
Heroin
ਸੰਪਰਕ ਕਰਨ 'ਤੇ ਥਾਣਾ ਬਾਘਾਪੁਰਾਣਾ ਦੇ ਮੁਖੀ ਜੰਗਜੀਤ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਪਿੰਡ ਵਿਚਲੀਆਂ ਪੰਚਾਇਤਾਂ, ਸਮਾਜ ਸੇਵੀ ਜਥੇਬੰਦੀਆਂ ਅਤੇ ਖੇਡ ਕਲੱਬਾਂ ਰਾਹੀਂ ਚਿੱਟੇ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਹਿਤ ਵਿਸ਼ੇਸ ਮੁਹਿੰਮ ਚਲਾਈ ਗਈ ਹੈ। ਚਿੱਟਾ ਛੱਡਣ ਦੇ ਚਾਹਵਾਨ ਨੌਜਵਾਨਾਂ ਨੂੰ ਪੁਲਿਸ ਵਲੋਂ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਰਾਹੀ ਨਸ਼ਾ ਛਡਾਊ ਕੇਂਦਰਾਂ ਅਤੇ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਪਿੰਡਾਂ ਦੇ ਨੌਜਵਾਨਾਂ ਨੇ ਅਪਣੇ ਪੱਧਰ 'ਤੇ ਵੀ
ਇਸ ਮੁਹਿੰਮ ਨੂੰ ਅਪਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਪਹਿਰਾ ਦੇਣ ਵਾਲੀ ਕਮੇਟੀ ਜਾਂ ਟੋਲੀ ਨੂੰ ਕਾਨੂੰਨ ਅਪਣੇ ਹੱਥਾਂ ਵਿਚ ਲੈਣ ਦੀ ਇਜਾਜ਼ਤ ਬਿਲਕੁਲ ਨਹੀਂ ਦਿਤੀ ਜਾਵੇਗੀ, ਅਜਿਹੀਆਂ ਕਮੇਟੀਆਂ ਜਾਂ ਟੋਲੀਆਂ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕਰਨ, ਪੁਲਿਸ ਤੁਰੰਤ ਕਾਰਵਾਈ ਕਰੇਗੀ।