
ਬੀਤੇ ਦਿਨੀ ਲਾਂਡਰਾ -ਬਨੂੜ ਰੋਡ 'ਤੇ ਯੂਨੀਟੈਕ ਸੋਸਾਇਟੀ ਦੇ ਗੇਟ ਦੇ ਸਾਹਮਣੇ ਤੋਂ ਕਾਰ ਸਵਾਰਾਂ 'ਤੇ ਫਾਇਰਿੰਗ ਕਰਕੇ ਵਰਨਾ ਕਾਰ ਦੀ ਖੋਹ ਹੋਈ ਸੀ, ਜਿਸ ਸਬੰਧੀ ...
ਐਸ.ਏ.ਐਸ.ਨਗਰ: ਬੀਤੇ ਦਿਨੀ ਲਾਂਡਰਾ -ਬਨੂੜ ਰੋਡ 'ਤੇ ਯੂਨੀਟੈਕ ਸੋਸਾਇਟੀ ਦੇ ਗੇਟ ਦੇ ਸਾਹਮਣੇ ਤੋਂ ਕਾਰ ਸਵਾਰਾਂ 'ਤੇ ਫਾਇਰਿੰਗ ਕਰਕੇ ਵਰਨਾ ਕਾਰ ਦੀ ਖੋਹ ਹੋਈ ਸੀ, ਜਿਸ ਸਬੰਧੀ ਨਵਨੀਤ ਸਿੰਘ ਦੇ ਬਿਆਨ 'ਤੇ ਥਾਣਾ ਸੋਹਾਣਾ ਵਿਖੇ ਆਈਪੀਸੀ ਦੀ ਧਾਰਾ 395, 307 ਅਸਲਾ ਐਕਟ 25, 54, 59 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ 'ਚ ਹਿਮਾਚਲ ਵਿਖੇ ਇਕ ਮੁਲਜਮ ਦੀ ਮੌਤ ਤੋਂ ਬਾਅਦ ਦੋ ਮੁਲਜਮਾਂ ਨੂੰ ਮੌਕੇ ਉੱਤੇ ਹੀ ਗ੍ਰਿਫਤਾਰ ਕੀਤਾ ਗਿਆ ਸੀ
ਜਦੋਂਕਿ ਇਨ੍ਹਾਂ ਨਾਲ ਫਰਾਰ ਹੋਏ ਬਾਕੀ ਦੇ ਦੋ ਸਾਥੀਆਂ ਨੂੰ ਮੋਹਾਲੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਮਾਛੀਪੁਰ ਤੋਂ ਘੜੂੰਆ ਰੋਡ ਰੇਲਵੇ ਟਰੇਕ ਅੰਡਰ ਬ੍ਰਿਜ ਦੇ ਨੇੜੇ ਤੋਂ ਦੌਰਾਨੇ ਨਾਕਾਬੰਦੀ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਜਸਵੀਰ ਸਿੰਘ ਉਰਫ ਸੰਜੂ ਵਾਸੀ ਧਰਮਕੋਟ ਬੱਗਾ ਜਿਲਾ ਗੁਰਦਾਸਪੁਰ ਅਤੇ ਵਰੁਣ ਸੂਦ ਵਾਸੀ ਰਤਨਗੜ੍ਹ ਥਾਣਾ ਮੋਰਿੰਡਾ ਜਿਲਾ ਰੋਪੜ ਵਜੋਂ ਹੋਈ ਹੈ।
ਇਨ੍ਹਾਂ ਪਾਸੋਂ ਰੀਟਿਜ ਗੱਡੀ ਵਿਚੋਂ 01 ਦੇਸੀ ਕੱਟਾ 12 ਬੋਰ ਸਮੇਤ 02 ਕਾਰਤੂਸ 12 ਬੋਰ, 01 ਖਿਡੌਣਾ ਪਿਸਟਲ, ਇੱਕ ਸਵਿੱਫਟ ਗੱਡੀ ਦੀ ਆਰ.ਸੀ. ਨੰਬਰ ਪੀਬੀ-10 ਐਫ.ਜੀ-9198 ਅਤੇ ਲਾਲ ਮਿਰਚਾਂ ਦਾ ਪਾਉਂਡਰ ਬ੍ਰਾਮਦ ਹੋਇਆ ਹੈ। ਮੁਲਜਮਾਂ ਨੂੰ ਅੱਜ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਮੁਲਜਮਾਂ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਇਸ ਸਬੰਧੀ ਐਸ.ਐਸ.ਪੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਜਸਵੀਰ ਸਿੰਘ ਉਰਫ ਸੰਜੂ ਅਤੇ ਵਰੁਣ ਸੂਦ ਦੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਦੇ ਲੀਡਰ ਗੋਲਡੀ ਅਤੇ ਸਨੀ ਮਸੀਹ ਸਨ ਅਤੇ ਇਹ ਗਿਰੋਹ ਦੋਰਾਹਾ ਵਿਖੇ ਗੋਲਡੀ ਦੀ ਦੁਕਾਨ ਤੇ ਇਕੱਠੇ ਹੁੰਦੇ ਸਨ। 12 ਜੁਲਾਈ ਨੂੰ ਗੋਲਡੀ ਅਤੇ ਜਸਵੀਰ ਸਿੰਘ ਉਰਫ ਸੰਜੂ ਨੂੰ ਜਲੰਧਰ ਤੋਂ ਲੈਣ ਲਈ ਗਏ ਸਨ ਅਤੇ ਕਸਬਾ ਸਭਾਨਪੁਰ ਤੋਂ ਸੰਜੂ ਨੂੰ ਨਾਲ ਲੈ ਲਿਆ ਸੀ ਅਤੇ ਫਗਵਾੜਾ ਤੋਂ ਗੱਡੀ ਦੀਆਂ ਨੰਬਰ ਪਲੇਟਾਂ ਬਣਵਾਈਆਂ ਸਨ ਅਤੇ 12 ਜੁਲਾਈ ਨੂੰ ਗੋਲਡੀ ਦੇ ਘਰ ਦੋਰਾਹਾ ਵਿਖੇ ਪਹੁੰਚ ਗਏ ਸਨ।
ਅਗਲੇ ਦਿਨ 13 ਜੁਲਾਈ ਨੂੰ ਦੋਸ਼ੀ ਗੋਲਡੀ, ਜਸਵੀਰ ਸਿੰਘ ਉਰਫ ਸੰਜੂ, ਸੰਨੀ ਮਸੀਹ ਜੋ ਕਿ ਰੀਟਿਜ ਕਾਰ ਤੇ ਸਵਾਰ ਹੋ ਕੇ ਮੋਰਿੰਡਾ ਪਹੁੰਚੇ ਸਨ, ਗੋਲਡੀ ਨੇ ਪਹਿਲਾਂ ਹੀ ਫੋਨ ਤੇ ਵਰੁਣ ਸੂਦ ਅਤੇ ਅਮਰਪ੍ਰੀਤ ਸਿੰਘ ਨੂੰ ਤਿਆਰ ਰਹਿਣ ਲਈ ਕਿਹਾ ਸੀ, ਜੋ ਇਨ੍ਹਾਂ ਨੂੰ ਮੋਰਿੰਡੇ ਤੋਂ ਲੈ ਕੇ ਚੰਡੀਗੜ੍ਹ ਲਈ ਚਲ ਪਏ ਸਨ ਅਤੇ ਫਿਰ ਚੰਡੀਗੜ੍ਹ-ਮੋਹਾਲੀ ਵਿਖੇ ਘੁੰਮ ਕੇ ਰੈਕੀ ਕਰਦੇ ਰਹੇ
ਅਤੇ ਫਿਰ ਖਰੜ ਪਹੁੰਚ ਕੇ ਇਨ੍ਹਾਂ ਨੇ ਗੱਡੀ ਵਿੱਚ ਹੀ ਬੈਠ ਕੇ ਸ਼ਰਾਬ ਪੀਤੀ ਅਤੇ ਫਿਰ ਪਹਿਲਾਂ ਤੋਂ ਹੀ ਮਿਥੀ ਯੋਜਨਾ ਮੁਤਾਬਿਕ ਇਨ੍ਹਾਂ ਨੇ ਖਰੜ-ਬਨੂੜ ਰੋਡ ਤੇ ਵਰਨਾ ਗੱਡੀ ਦੇ ਅੱਗੇ ਆਪਣੀ ਰੀਟਿਜ ਕਾਰ ਲਗਾ ਕੇ ਵਰਨਾ ਕਾਰ ਰੋਕ ਲਈ ਅਤੇ ਫ਼ਾਈਰਿੰਗ ਕਰ ਕੇ ਕਾਰ ਸਵਾਰਾਂ ਕੋਲੋਂ ਕਾਰ ਖੋਹ ਕੇ ਸਨੇਟਾ ਸਾਈਡ ਨੂੰ ਚਲੇ ਗਏ ਸਨ ਅਤੇ ਇਨ੍ਹਾਂ ਨੇ ਕਾਰ 'ਤੇ ਲੁਧਿਆਣਾ ਦਾ ਨੰਬਰ ਪੀਬੀ-10- ਏ.ਬੀ-7200 ਲਗਾ ਲਿਆ ਸੀ, ਉਸੇ ਨੰਬਰ ਦੀ ਆਰ.ਸੀ. ਵੀ ਇਨ੍ਹਾਂ ਪਾਸੋਂ ਬ੍ਰਾਮਦ ਹੋਈ ਹੈ।