ਜਥੇਦਾਰ ਬ੍ਰਹਮਪੁਰਾ ਦੀ ਪ੍ਰਧਾਨਗੀ ’ਚ ਕੀਤੀ ਗਈ ਮੀਟਿੰਗ ਵਿਚ ਕਈ ਮਤੇ ਪਾਸ
ਚੰਡੀਗੜ੍ਹ, 16 ਜੁਲਾਈ (ਗੁਰਉਪਦੇਸ਼ ਭੁੱਲਰ): ਅੱਜ ਇਥੇ ਹੋਈ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਪ੍ਰਧਾਨਗੀ ਹੇਠ ਹੋਈ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਸ ਮਤੇ ਰਾਹੀਂ ਕੇਂਦਰ ਸਰਕਾਰ ਤੋਂ ਐਸ.ਜੀ.ਪੀ.ਸੀ. ਦੀਆਂ ਚੋਣਾਂ ਤੁਰਤ ਕਰਵਾਉਣ ਦੀ ਮੰਗ ਕੀਤੀ ਗਈ ਹੈ। ਮੀਟਿੰਗ ਵਿਚ ਪਾਸ ਮਤੇ ਵਿਚ ਦੋਸ਼ ਲਾਇਆ ਗਿਆ ਕਿ ਮਿਆਦ ਪੁਗਾ ਚੁਕੀ ਸ਼੍ਰੋਮਣੀ ਕਮੇਟੀ ਦੀ ਮੋਦੀ ਸਰਕਾਰ ਬਾਦਲਾਂ ਦੇ ਕਹਿਣ ’ਤੇ ਹੀ ਚੋਣਾਂ ਨਹੀਂ ਕਰਵਾ ਰਹੀ।
ਮੀਟਿੰਗ ਵਿਚ ਵੱਖ-ਵੱਖ ਮੁੱਦਿਆਂ ਉਪਰ ਮਤੇ ਮੁੱਖ ਤੌਰ ’ਤੇ ਪਾਸ ਕੀਤੇ ਗਏ ਹਨ ਜਿਨ੍ਹਾਂ ਵਿਚ ਦਸਿਆ ਗਿਆ ਕਿ ਆਉਂਦੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਜਥੇਦਾਰ ਰਣਜੀਤ ਸਿੰਘ ਦੀ ਅਗਵਾਈ ਵਾਲੀ ਪੰਥਕ ਲਹਿਰ ਨਾਲ ਮਿਲ ਕੇ ਲੜੀਆਂ ਜਾਣਗੀਆਂ। ਮੀਟਿੰਗ ਵਿਚ ਜਥੇਦਾਰ ਬ੍ਰਹਮਪੁਰਾ ਨੇ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਬਾਦਲ ਦਲ, ਭਾਜਪਾ ਤੇ ਕਾਂਗਰਸ ਨੂੰ ਛੱਡ ਹੋਰ ਕਿਸੇ ਨਾਲ ਵੀ ਤਾਲਮੇਲ ਕੀਤਾ ਜਾ ਸਕਦਾ ਹੈ। ਢੀਂਡਸਾ ਵਾਲੇ ਦਲ ਨਾਲ ਵੀ ਤਾਲਮੇਲ ਦਾ ਰਾਹ ਖੁਲ੍ਹਾ ਹੈ।
ਇਕ ਮਤੇ ਰਾਹੀਂ ਸੌਦਾ ਸਾਧ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੌਸ਼ਾਕ ਮੁਹਈਆ ਕਰਵਾਉਣ ਦੀ ਡੇਰਾ ਪੈਰੋਕਾਰਾਂ ਵਲੋਂ ਹੀ ਸਚਾਈ ਸਾਹਮਣੇ ਲਿਆਉਣ ਬਾਅਦ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਸੁਖਬੀਰ ਸਿੰਘ ਬਾਦਲ ਵਿਰੁਧ ਕਾਰਵਾਈ ਦੀ ਮੰਗ ਕੀਤੀ ਗਈ। ਇਕ ਮਤੇ ਰਾਹੀਂ ਮੋਦੀ ਸਰਕਾਰ ਵਲੋਂ ਪਾਸ ਖੇਤੀ ਬਾਰੇ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ।
ਇਕ ਹੋਰ ਮਤੇ ਰਾਹੀਂ ਕੇਂਦਰ ਤੇ ਸੂਬਾ ਸਰਕਾਰ ਤੋਂ ਕੋਰੋਨਾ ਮਹਾਂਮਾਰੀ ਮੱਦੇਨਜ਼ਰ ਗ਼ਰੀਬ ਵਰਗ, ਮਜ਼ਦੂਰ ਕਾਰੋਬਾਰੀਆਂ ਤੇ ਮੱਧ ਵਰਗ ਲਈ ਵਿਸ਼ੇਸ਼ ਸਹਾਇਤਾ ਨਾ ਦੇਣ ਵੀ ਨਿੰਦਾ ਕੀਤੀ ਗਈ। ਪਟਰੌਲ, ਡੀਜ਼ਲ ਕੀਮਤਾਂ ਵਿਚ ਵਾਧਿਆਂ ਦਾ ਵੀ ਇਕਮਤ ਰਾਹੀਂ ਵਿਰੋਧ ਕੀਤਾ ਗਿਆ ਅਤੇ ਸੇਵਾ ਸਿੰਘ ਸੇਖਵਾਂ ਤੇ ਬੀਰ ਦਵਿੰਦਰ ਸਿੰਘ ਦੇ ਅਸਤੀਫ਼ੇ ਨਾ ਮਨਜ਼ੂਰ ਕਰਦਿਆਂ ਇਨ੍ਹਾਂ ਨੂੰ ਦਲ ਵਿਚੋਂ ਪਾਰਟੀ ਵਿਰੋਧੀ ਕਾਰਵਾਈਆਂ ਖ਼ਾਰਜ ਕਰਨ ਦਾ ਐਲਾਨ ਕੀਤਾ ਗਿਆ।