
ਇਸ ਫ਼ੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਕੋਵਿਡ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੀਤਾ
ਚੰਡੀਗੜ੍ਹ, 16 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਕਰੋਨਾ ਮਹਾਂਮਾਰੀ ਦੇ ਚਲਦਿਆਂ ਨਿੱਜੀ ਹਸਪਤਾਲਾਂ ਦੁਆਰਾ ਮੁਨਾਫ਼ਾਖੋਰੀ ਕੀਤੇ ਜਾਣ ਨੂੰ ਠੱਲ੍ਹ ਪਾਉਣ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ ਦੇ ਇਲਾਜ ਲਈ ਖ਼ਰਚੇ ਦੀ ਹੱਦ ਨਿਰਧਾਰਿਤ ਕਰ ਦਿਤੀ ਹੈ। ਇਸ ਫ਼ੈਸਲੇ ਦਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਰਵਾਰ ਨੂੰ ਵੀਡੀਉ ਕਾਨਫ਼ਰੰਸਿੰਗ ਰਾਹੀਂ ਕੋਵਿਡ ਸਬੰਧੀ ਸਥਿਤੀ ਦੀ ਸਮੀਖਿਆ ਕਰਨ ਮਗਰੋਂ ਕੀਤਾ ਗਿਆ।
ਖ਼ਰਚੇ ਸਬੰਧੀ ਇਹ ਦਰਾਂ ਡਾਕਟਰ ਕੇ.ਕੇ. ਤਲਵਾਰ ਕਮੇਟੀ ਵਲੋਂ ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਸਬੰਧੀ ਨਿਰਧਾਰਿਤ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਤਹਿਤ ਆਈਸੋਲੇਸ਼ਨ ਬੈੱਡਜ਼, ਆਈ.ਸੀ.ਯੂ. ਵਿਚ ਇਲਾਜ, ਹਸਪਤਾਲ ਵਿਚ ਦਾਖ਼ਲ ਹੋਣ ਦੇ ਖ਼ਰਚੇ ਅਤੇ ਦਾਖ਼ਲ ਹੋਣ ਤੋਂ ਬਾਅਦ ਪ੍ਰਤੀਦਿਨ ਦੇ ਖ਼ਰਚੇ ਸ਼ਾਮਲ ਹਨ।
ਸਧਾਰਨ ਬੁਖ਼ਾਰ ਜਿਸ ਵਿਚ ਆਈਸੋਲੇਸ਼ਨ ਬੈੱਡਜ਼ ਦੀ ਲੋੜ ਪੈਂਦੀ ਹੋਵੇ ਅਤੇ ਜਿਸ ਵਿਚ ਸਾਂਭ-ਸੰਭਾਲ ਅਤੇ ਆਕਸੀਜ਼ਨ ਵੀ ਸ਼ਾਮਲ ਹੋਵੇ, ਲਈ ਦਾਖ਼ਲ ਹੋਣ ਤੋਂ ਬਾਅਦ ਪ੍ਰਤੀਦਿਨ ਦੇ ਖ਼ਰਚੇ ਸਾਰੇ ਪ੍ਰਾਈਵੇਟ ਮੈਡੀਕਲ ਕਾਲਜਾਂ/ਐਨ.ਬੀ.ਈ. ਦੇ ਟੀਚਿੰਗ ਪ੍ਰੋਗਰਾਮ ਵਾਲੇ ਐਨ.ਏ.ਬੀ.ਐਚ. ਨਿੱਜੀ ਹਸਪਤਾਲਾਂ ਲਈ 10,000 ਰੁਪਏ ਦੇ ਹਿਸਾਬ ਨਾਲ ਨਿਰਧਾਰਤ ਕੀਤੇ ਗਏ ਹਨ ਜਦਕਿ ਐਨ.ਏ.ਬੀ.ਐਚ. ਤੋਂ ਮਾਨਤਾ ਪ੍ਰਾਪਤ ਹਸਪਤਾਲਾਂ (ਨਿੱਜੀ ਮੈਡੀਕਲ ਕਾਲਜਾਂ ਜਿਨ੍ਹਾਂ ਵਿੱਚ ਪੀ.ਜੀ./ਡੀ.ਐਨ.ਬੀ. ਕੋਰਸ ਨਹੀਂ ਹੈ ਸਮੇਤ) ਹਸਪਤਾਲਾਂ ਲਈ 9,000 ਰੁਪਏ ਅਤੇ ਐਨ.ਏ.ਬੀ.ਐਚ. ਤੋਂ ਗੈਰ-ਮਨਜੂਰਸ਼ੁਦਾ ਹਸਪਤਾਲਾਂ ਲਈ 8,000 ਰੁਪਏ ਦੀ ਹਿਸਾਬ ਨਾਲ ਨਿਰਧਾਰਤ ਕੀਤੇ ਗਏ ਹਨ।
Photo
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਅੁਰਣਾ ਸਣੇ 4 ਵਿਧਾਇਕਾਂ ਦੀ ਰੀਪੋਰਟ ਨੈਗੇਟਿਵ
ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਰੀਪੋਰਟ ਪਾਜ਼ੇਟਿਵ ਆਉਣ ਦੇ ਬਾਅਦ ਹੋਰ ਮੰਤਰੀਆਂ ਤੇ ਵਿਧਾਇਕਾਂ ਆਦਿ ਦੇ ਵੀ ਕੋਰੋਨਾ ਟੈਸਟ ਹੋ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਅਰੁਣਾ ਚੌਧਰੀ ਤੇ 4 ਵਿਧਾਇਕਾਂ ਡਾ. ਰਾਜ ਕੁਮਾਰ ਵੇਰਕਾ, ਬਰਿੰਦਰਮੀਤ ਸਿੰਘ ਪਾਹੜਾ, ਕੁਲਬੀਰ ਜੀਰਾ ਤੇ ਪਰਮਿੰਦਰ ਪਿੰਕੀ ਦੀ ਕੋਰੋਨਾ ਰੀਪੋਰਟ ਵੀ ਨੈਗੇਟਿਵ ਆਈ ਹੈ।
ਇਸ ਤਰ੍ਹਾਂ ਤੈਅ ਕੀਤੇ ਰੇਟ
ਇਨ੍ਹਾਂ ਸ਼੍ਰੇਣੀਆਂ ਦੇ ਹਸਪਤਾਲਾਂ ਲਈ ਗੰਭੀਰ ਬੁਖ਼ਾਰ (ਆਈ.ਸੀ.ਯੂ. ਵਿਚ ਪਰ ਵੈਂਟੀਲੇਟਰ ਦੀ ਲੋੜ ਤੋਂ ਬਗੈਰ) ਲਈ ਕ੍ਰਮਵਾਰ 15 ਹਜ਼ਾਰ, 14 ਹਜ਼ਾਰ ਅਤੇ 13 ਹਜ਼ਾਰ ਰੁਪਏ ਤਕ ਹੱਦ ਨਿਰਧਾਰਤ ਕੀਤੀ ਗਈ ਹੈ ਜਦਕਿ ਬਹੁਤ ਹੀ ਨਾਜ਼ੁਕ ਸਥਿਤੀ ਵਾਲੇ ਮਰੀਜ਼ਾਂ ਲਈ ਇਹ ਦਰਾਂ ਕ੍ਰਮਵਾਰ 18 ਹਜ਼ਾਰ, 16500 ਅਤੇ 15 ਹਜ਼ਾਰ ਨਿਰਧਾਰਤ ਕੀਤੀਆਂ ਗਈਆਂ ਹਨ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਨ੍ਹਾਂ ਸਾਰੀਆਂ ਕੀਮਤਾਂ ਵਿਚ ਪੀ.ਪੀ.ਈ. ਦੀ ਕੀਮਤ ਵੀ ਸ਼ਾਮਲ ਕੀਤੀ ਗਈ ਹੈ। ਨਿੱਜੀ ਹਸਪਤਾਲਾਂ ਨੂੰ ਮਾਮੂਲੀ ਬੁਖ਼ਾਰ ਦੇ ਮਾਮਲਿਆਂ ਦੇ ਇਲਾਜ ਲਈ ਹੱਲਾਸ਼ੇਰੀ ਦੇਣ ਹਿੱਤ ਡਾ. ਤਲਵਾਰ ਕਮੇਟੀ ਨੇ ਅਜਿਹੇ ਕੇਸਾਂ ਲਈ ਪ੍ਰਤੀਦਿਨ ਦਾਖ਼ਲਾ ਫ਼ੀਸ ਕ੍ਰਮਵਾਰ 6500 ਰੁਪਏ, 5500 ਰੁਪਏ ਅਤੇ 4500 ਰੁਪਏ ਨਿਰਧਾਰਤ ਕੀਤੀ ਹੈ।
ਪੰਜਾਬ ਵਿਚ ਕੋਰੋਨਾ ਨਾਲ 24 ਘੰਟੇ 'ਚ 9 ਹੋਰ ਮੌਤਾਂ
ਚੰਡੀਗੜ੍ਹ, 16 ਜੁਲਾਈ (ਗੁਰਉਪਦੇਸ਼ ਭੁਲੱਰ) : ਪੰਜਾਬ 'ਚ ਪਹਿਲਾਂ ਲਾਏ ਮਾਹਰਾਂ ਦੇ ਅਨੁਮਾਨ ਮੁਤਾਬਕ ਜਲਾਈ ਅਗਸਤ ਮਹੀਲੇ 'ਚ ਕੋਰੋਨਾ ਮਹਾਂਮਾਰੀ ਦਾ ਕਹਿਰ ਤੇਜ਼ੀ ਫੜ੍ਹ ਰਹਾ ਹੈ। ਪਾਜ਼ੇਟਿਵ ਕੇਸਾਂ ਨਾਲ ਮੌਤਾਂ ਦੀ ਗਿਣਤੀ ਵੀ ਹਰ ਦਿਨ ਵੱਧ ਰਹੀ ਹੈ। ਪਿਛਲੇ ਬੀਤੇ 24 ਘੰਟਿਆਂ ਦੌਰਾਨ 9 ਹੋਰ ਮੌਤਾਂ ਹੋ ਗਈਆਂ ਹਨ ਜਦ ਕਿ ਇਸ ਸਮੇਂ ਇਲਾਜ ਅਧੀਨ 2587 ਪੀੜਤਾਂ 'ਚੋਂ 65 ਦੀ ਹਾਲਤ ਗੰਭੀਰ ਬਣੀ ਹੋਈ ਹੈ। 58 ਮਰੀਜ਼ ਆਕਸੀਜ਼ਨ 'ਤੇ ਹਨ। 24 ਘੰਟੇ ਦੌਰਾਨ ਸੂਰੇ 'ਚ 300 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਜਿਥੇ ਮੌਤਾਂ ਦਾ ਅੰਕੜਾ 233 ਹੋ ਗਿਆ ਹੈ ਉਥੇ ਦੂਜੇ ਪਾਸੇ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ ਵੀ 10 ਹਜ਼ਾਰ ਤਕ ਪੁੱਜ ਗਿਆ ਹੈ ।