
ਬੇਅਦਬੀ ਦੇ ਦੋਸ਼ੀ ਤਾਂ ਫੜੇ ਨਾ ਗਏ ਗ਼ਰੀਬ ਸਿੱਖਾਂ ਦੀ ਨਾਜਾਇਜ਼ ਗ੍ਰਿਫ਼ਤਾਰ 'ਚ ਐਨੀ ਕਾਹਲ ਕਿਉਂ?
ਚੰਡੀਗੜ੍ਹ, 16 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਸਰਕਾਰ ਅਪਣੇ ਦਿਲੀ ਬੈਠੇ ਆਕਾਵਾਂ ਨੂੰ ਖ਼ੁਸ਼ ਕਰਨ ਕਰਨ ਲਈ ਪੰਜਾਬ ਦੇ ਬੇਕਸੂਰ ਨੌਜਵਾਨਾਂ 'ਤੇ ਅਤਿਵਾਦ ਵਿਰੋਧੀ ਝੂਠੇ ਪਰਚੇ ਦਰਜ ਕਰ ਕੇ ਉਨ੍ਹਾਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਨਾਜਾਇਜ਼ ਤੌਰ 'ਤੇ ਤੰਗ ਪ੍ਰੇਸ਼ਾਨ ਕਰ ਰਹੀ ਹੈ। ਪੰਜਾਬ ਵਿਚ ਖ਼ਾਲਿਸਤਾਨ ਜਾਂ ਟਵੰਟੀ-ਟਵੰਟੀ ਦੇ ਹੱਕ ਵਿਚ ਕੋਈ ਲਹਿਰ ਨਹੀਂ ਹੈ ਪਰ ਪੰਜਾਬ ਪੁਲਿਸ ਸਰਕਾਰ ਦੇ ਇਸ਼ਾਰੇ 'ਤੇ ਨੌਜਵਾਨਾਂ ਨੂੰ ਝੂਠੇ ਮੁੱਕਦਮਿਆਂ ਵਿਚ ਫਸਾ ਕੇ ਪੰਜਾਬ ਵਿਚ ਫਿਰ ਤੋਂ ਫ਼ਿਰਕੂ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਰਹੀ ਹੈ।
ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪਿੰਡ ਅਚਾਣਕ ਵਿਖੇ ਅਤਿਵਾਦ ਵਿਰੋਧੀ 'ਯੂਆਪਾ' ਕਾਨੂੰਨ ਅਧੀਨ ਗ੍ਰਿਫ਼ਤਾਰ ਕੀਤੇ ਨੌਜਵਾਨ ਅੰਮ੍ਰਿਤ ਪਾਲ ਸਿੰਘ ਪੁੱਤਰ ਜਗਰੂਪ ਸਿੰਘ ਦੇ ਪਰਵਾਰ ਨਾਲ ਹਮਦਰਦੀ ਪ੍ਰਗਟ ਕਰਦਿਆ ਕੀਤੇ। ਉਨ੍ਹਾਂ ਕਿਹਾ ਕਿ ਉਹ ਝੂਠੇ ਪੁਲਿਸ ਕੇਸਾਂ ਵਿਚ ਫਸਾਏ ਨੌਜਵਾਨਾਂ ਦੇ ਪਿੰਡਾਂ ਵਿਚ ਲੋਕ ਕਚਹਿਰੀ ਲਾ ਕੇ ਉਨ੍ਹਾਂ ਦੇ ਹੱਕ ਵਿਚ ਲੋਕ ਆਵਾਜ਼ ਤਿਆਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਖਾਸ ਤੌਰ 'ਤੇ ਗ਼ਰੀਬ ਪਰਵਾਰਾਂ ਦੇ ਨੌਜਵਾਨਾਂ ਨੂੰ ਝੂਠੇ ਕੇਸਾਂ ਵਿਚ ਫਸਾ ਰਹੀ ਹੈ ਤਾਂ ਕਿ ਉਹ ਅਪਣੇ 'ਤੇ ਪਾਏ ਕੇਸਾਂ ਦੀ ਪੈਰਵਾਈ ਵੀ ਨਾ ਕਰਨ ਸਕਣ।
Photo
ਉਨ੍ਹਾਂ ਕਿਹਾ ਕਿ ਉਹਨਾ ਧੀ ਪਾਰਟੀ ਇਨ੍ਹਾਂ ਪਰਵਾਰਾਂ ਨੂੰ ਕਾਨੂੰਨੀ ਸਹਾਇਤਾ ਦੇਣ ਲਈ ਆਪਣੇ ਵਲੋਂ ਹਰ ਸੰਭਵ ਯਤਨ ਕਰੇਗੀ। ਉਨ੍ਹਾਂ ਪੰਜਾਬ ਸਰਕਾਰ ਦੇ ਨਾਲ ਨਾਲ ਆਮ ਆਦਮੀ ਪਾਰਟੀ 'ਤੇ ਵੀ ਜ਼ੋਰਦਾਰ ਹਮਲੇ ਕੀਤੇ। ਉਨ੍ਹਾਂ ਕਿਹਾ ਇਹ ਪਾਰਟੀ ਦਲਿਤ ਲੋਕਾਂ ਦਾ ਹਾਮੀ ਹੋਣ ਦਾ ਦਮ ਭਰਦੀ ਹੈ ਤੇ ਇਸ ਪਾਰਟੀ ਵਲੋਂ ਉਨ੍ਹਾਂ ਨੂੰ ਹਟਾ ਕੇ ਐਲਾਣਿਆ ਵਿਰੋਧੀ ਧਿਰ ਦਾ ਨੇਤਾ ਵੀ ਦਲਿਤ ਜਮਾਤ ਨਾਲ ਸਬੰਧਤ ਹੈ ਪਰ ਇਸ ਪਾਰਟੀ ਨੇ ਝੂਠੇ ਕੇਸਾਂ ਵਿਚ ਫਸਾਏ ਦਲਿਤ ਨੌਜਵਾਨਾਂ ਦੇ ਹੱਕ ਵਿਚ ਇਕ ਸ਼ਬਦ ਵੀ ਨਹੀਂ ਬੋਲਿਆ।
ਇਸ ਸਮੇਂ ਵਿਧਾਇਕ ਜਗਦੇਵ ਸਿੰਘ ਕਮਾਲੂ ਤੇ ਪਰਮਿਲ ਸਿੰਘ ਧੌਲਾ ਨੇ ਕਿਹਾ ਕਿ ਸਰਕਾਰ ਇਨੇ ਸਾਲ ਬੀਤ ਜਾਣ 'ਤੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਨਹੀਂ ਫੜ੍ਹ ਸਕੀ ਪਰ ਨੌਜਵਨਾਂ ਦੇ ਝੂਠੇ ਕੇਸ ਪਾਉਣ ਵਿਚ ਲੋੜੋਂ ਵੱਧ ਫ਼ੁਰਤੀ ਵਿਖਾ ਰਹੀ ਹੈ ।