
22 ਜੁਲਾਈ ਤੋਂ ਕਿਸਾਨਾਂ ਦੇ ਸੰਸਦ ਵਿਰੋਧ ਮਾਰਚ ਲਈ ਜ਼ਬਰਦਸਤ ਉਤਸ਼ਾਹ
ਜਾਰੀ ਕੀਤੇ ਜਾਣ ਵਾਲੇ ਪਛਾਣ ਪੱਤਰ ਨਾਲ ਹੀ ਮਾਰਚ ਵਿਚ ਸ਼ਾਮਲ ਹੋਣਗੇ ਕਿਸਾਨ
ਲੁਧਿਆਣਾ, 16 ਜੁਲਾਈ (ਪ੍ਰਮੋਦ ਕੌਸ਼ਲ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਲਿਆਂਦੇ ਗਏ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਲਗਾਤਾਰ 232 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਧਰਨੇ ਤੇ ਡਟੀਆਂ ਕਿਸਾਨ ਜਥੇਬੰਦੀਆਂ ਵੀ ਅਪਣੇ ਸਟੈਂਡ 'ਤੇ ਪੂਰੀ ਤਰ੍ਹਾਂ ਕਾਇਮ ਹਨ ਅਤੇ ਇਸੇ ਦੇ ਚਲਦਿਆਂ ਹੁਣ ਕੇਂਦਰ ਸਰਕਾਰ ਤੇ ਹੋਰ ਦਬਾਅ ਬਣਾਉਣ ਲਈ 22 ਜੁਲਾਈ ਤੋਂ ਕਿਸਾਨਾਂ ਦੇ ਸੰਸਦ ਵਿਰੋਧ ਮਾਰਚ ਦੇ ਦਿਤੇ ਗਏ ਸੱਦੇ ਤੋਂ ਬਾਅਦ ਕਿਸਾਨਾਂ ਵਿਚ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਲੜਾਈ ਦੇਸ਼ ਦੀ ਹਕੂਮਤ ਨਾਲ ਹੈ ਅਤੇ 26 ਜਨਵਰੀ ਨੂੰ ਜੋ ਕੁੱਝ ਵਾਪਰਿਆਂ ਉਸ ਤਰ੍ਹਾਂ ਦਾ ਕੋਈ ਵੀ ਕੰਮ ਮੁੜ ਕੇ ਨਾ ਹੋਵੇ, ਉਸ ਲਈ ਵੀ ਕਿਸਾਨ ਜਥੇਬੰਦੀਆਂ ਵਲੋਂ ਵਿਉਂਤਬੰਦੀ ਕੀਤੀ ਜਾ ਰਹੀ ਹੈ | ਇਸ ਵਿਰੋਧ ਮਾਰਚ ਵਿਚ ਸੰਯੁਕਤ ਕਿਸਾਨ ਮੋਰਚੇ ਵਲੋਂ ਜਾਰੀ ਕੀਤੇ ਜਾਣ ਵਾਲੇ ਪਛਾਣ ਪੱਤਰ ਨਾਲ ਹੀ ਕਿਸਾਨ ਸ਼ਾਮਲ ਹੋਣਗੇ | ਜਥੇਬੰਦੀਆਂ ਵਲੋਂ ਬਹੁਤ ਹੀ ਤਰਤੀਬ ਨਾਲ ਇਸ ਵਿਰੋਧ ਮਾਰਚ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ ਤਾਂ ਜੋ ਸਰਕਾਰ 'ਤੇ ਦਬਾਅ ਵੀ ਬਣੇ ਅਤੇ ਦੁਨੀਆਂ ਵਿਚ ਸੁਨੇਹਾ ਵੀ ਜਾਵੇ |
ਉਧਰ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀਆਂ ਕਿਸਾਨ ਔਰਤਾਂ ਦਾ ਵੱਡਾ ਜਥਾ ਸਿੰਘੂ ਬਾਰਡਰ ਪਹੁੰਚਿਆ | ਇਸ ਜਥੇ ਦਾ ਉਤਸ਼ਾਹ ਦੇਖ ਕੇ ਪਤਾ ਲਗਦਾ ਹੈ ਕਿ ਬੀਬੀਆਂ ਵਿਚ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਵਿਰੁਧ ਕਿੰਨਾ ਗੁੱਸਾ ਭਰਿਆ ਹੋਇਆ ਹੈ | ਇਸ ਤੋਂ ਇਲਾਵਾ ਹਰਿਆਣਾ ਪੁਲਿਸ ਵਲੋਂ ਕਿਸਾਨਾਂ ਵਿਰੁਧ ਦੇਸ ਧ੍ਰੋਹ ਦੇ ਇਲਜ਼ਾਮ ਲਗਾਉਣ ਵਿਰੁਧ 17 ਜੁਲਾਈ ਨੂੰ ਸਿਰਸਾ ਵਿਖੇ ਮਹਾਂ ਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ | ਆਗੂਆਂ ਮੁਤਾਬਕ ਇਸ ਵਿਚ ਵੱਡੇ ਇਕੱਠ
ਦੀ ਉਮੀਦ ਹੈ ਜਿਸ ਦੇ ਚਲਦਿਆਂ ਹਰਿਆਣਾ ਦੀ ਖੱਟਰ ਸਰਕਾਰ ਨੂੰ ਝੁਕਾਇਆ ਜਾਵੇਗਾ | ਸੰਯੁਕਤ ਕਿਸਾਨ ਮੋਰਚੇ ਨੇ ਚੰਡੀਗੜ੍ਹ ਪੁਲਿਸ ਵਲੋਂ ਬਾਬਾ ਲਾਭ ਸਿੰਘ ਦੀ ਨਜ਼ਰਬੰਦੀ ਨੂੰ ਗ਼ੈਰ-ਕਾਨੂੰਨੀ ਮੰਨਿਆ ਗਿਆ |
ਕਿਸਾਨ ਅੰਦੋਲਨ ਦੇ ਸਮਰਥਨ ਵਿਚ ਮਟਕਾ ਚੌਕ ਵਿਖੇ ਕਈ ਮਹੀਨਿਆਂ ਤੋਂ ਬਾਬਾ ਜੀ ਧਰਨੇ 'ਤੇ ਬੈਠੇ ਹਨ | ਉਧਰ, ਦਸਿਆ ਗਿਆ ਹੈ ਕਿ ਕਿਸਾਨਾਂ ਦੇ ਦਬਾਅ ਹੇਠ ਉਹਨਾਂ ਦੀ ਰਾਤ ਦੇ 11 ਵਜੇ ਰਿਹਾਈ ਹੋਈ | ਭਾਜਪਾ ਆਗੂ ਵੱਲੋਂ ਦੁਰਵਿਵਹਾਰ ਦੇ ਵਿਰੋਧ 'ਚ 18 ਜੁਲਾਈ ਨੂੰ ਰੋਹਤਕ ਵਿਖੇ ਮਹਿਲਾ-ਮਹਾਂਪੰਚਾਇਤ ਦਾ ਐਲਾਨ ਕੀਤਾ ਗਿਆ ਹੈ | ਇਸ ਤੋਂ ਇਲਾਵਾ ਪੰਜਾਬ ਦੇ ਬਰਨਾਲਾ 'ਚ ਨੌਜਵਾਨ ਕਿਸਾਨਾਂ ਦੀ ਕਨਵੈਨਸ਼ਨ ਦਾ ਐਲਾਨ ਕੀਤਾ ਗਿਆ ਹੈ ਜਦਕਿ ਹੋਰਨਾਂ ਦੇਸ਼ਾਂ ਵਾਂਗ ਨਿਊਜ਼ੀਲੈਂਡ 'ਚ ਵੀ ਕਿਸਾਨਾਂ ਵੱਲੋਂ ਰੋਸ-ਪ੍ਰਦਰਸ਼ਨ ਕੀਤਾ ਗਿਆ | ਉਧਰ, ਉੱਘੇ ਅਰਥ ਸਾਸਤਰੀ ਰਣਜੀਤ ਸਿੰਘ ਘੁੰਮਣ ਨੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹੋਏ ਟਿਕਰੀ ਮੋਰਚੇ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਸੰਬੋਧਨ ਕੀਤਾ |
Ldh_Parmod_16_3 : ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੀ ਅਜਿਹੀਆਂ ਤਸਵੀਰਾਂ ਕੇਂਦਰ ਸਰਕਾਰ ਤੇ ਲਗਾਤਾਰ ਦਬਾਅ ਬਣਾ ਰਹੀਆਂ ਹਨ |