
ਕਾਂਗਰਸ ਪ੍ਰਧਾਨਗੀ ਬਾਰੇ ਅਟਕਲਾਂ ਤੇ ਲੱਡੂਆਂ ਦੀ ਵੰਡ
ਨਵਜੋਤ ਸਿੱਧੂ ਫਿਰ ਪਹੁੰਚੇ ਸੋਨੀਆ-ਰਾਹੁਲ ਦਰਬਾਰ
ਚੰਡੀਗੜ੍ਹ, 16 ਜੁਲਾਈ (ਜੀ.ਸੀ.ਭਾਰਦਵਾਜ): ਪੰਜਾਬ ਵਿਧਾਨ ਸਭਾ ਚੋਣਾਂ ਤੋਂ 5 ਮਹੀਨੇ ਪਹਿਲਾਂ ਹੀ ਮਜ਼ਬੂਤ ਸੱਤਾਧਾਰੀ ਕਾਂਗਰਸ ਪਾਰਟੀ ਦੀ ਪ੍ਰਧਾਨਗੀ ਨੂੰ ਲੈ ਕੇ 2 ਖ਼ੇਮਿਆਂ ਵਿਚ ਵੰਡੀ ਗਈ ਹੈ ਅਤੇ ਬੀਤੇ ਕਲ ਅੰਮਿ੍ਤਸਰ ਪੂਰਬੀ ਤੋਂ ਵਿਧਾਇਕ ਨਵਜੋਤ ਸਿੱਧੂ ਨੂੰ ਪ੍ਰਧਾਨਗੀ ਅਹੁਦੇ ਦਿਤੇ ਜਾਣ ਦੀ ਅਫ਼ਵਾਹ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਹਲੂਣਾ ਇੰਨਾ ਵੱਡਾ ਦਿਤਾ ਕਿ ਦੋਵੇਂ ਗੁੱਟਾਂ ਵਿਚ ਸ਼ਕਤੀ ਪ੍ਰਦਰਸ਼ਨ ਦਾ ਦੌਰ ਸ਼ੁਰੂ ਹੋ ਗਿਆ |
ਪਿਛਲੇ ਕੁੱਝ ਮਹੀਨਿਆਂ ਤੋਂ ਪਈਆਂ ਅੰਦਰੂਨੀ ਤਰੇੜਾਂ, ਹੁਣ ਵੱਡੀ ਖਾਈ ਦਾ ਰੂਪ ਧਾਰਨ ਕਰ ਗਈਆਂ ਹਨ ਜਿਸ ਨੂੰ ਭਰਨਾ ਅਸੰਭਵ ਲਗਦਾ ਹੈ | ਭਰੋਸੇਯੋਗ ਕਾਂਗਰਸੀ ਸੂਤਰਾਂ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਨਵਜੋਤ ਸਿੰਘ ਸਿੱਧੂ ਅੱਜ ਸਵੇਰੇ ਇਥੋਂ ਦਿੱਲੀ ਦਰਬਾਰ ਸੋਨੀਆ-ਰਾਹੁਲ ਕੋਲ ਪਹੁੰਚੇ ਅਤੇ ਪ੍ਰਧਾਨਗੀ ਅਹੁਦੇ ਲਈ ਲਿਖਤੀ ਚਿੱਠੀ ਵਾਸਤੇ ਜ਼ੋਰ ਪਾਇਆ | ਇਸ ਮੁੱਦੇ 'ਤੇ ਰੋਜ਼ਾਨਾ ਸਪੋਕਸਮੈਨ ਵਲੋਂ ਵੱਖ ਵੱਖ ਨੇਤਾਵਾਂ, ਮੰਤਰੀਆਂ, ਵਿਧਾਇਕਾਂ, ਸਾਬਕਾ ਪ੍ਰਧਾਨਾਂ ਨਾਲ ਕੀਤੀ ਚਰਚਾ ਦੌਰਾਨ ਪਤਾ ਲੱਗਿਆ ਕਿ ਪਾਰਟੀ ਹਾਈਕਮਾਂਡ ਵਲੋਂ ਪਿਛਲੇ ਸਤੰਬਰ ਵਿਚ ਥਾਪੇ, ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਸਿੱਧੂ ਨੂੰ ਮਹੱਤਵਪੂਰਨ ਅਹੁਦਾ ਦੇਣ ਦਾ ਟੀਕਾਕਰਨ ਸ਼ੁਰੂ ਕੀਤਾ ਸੀ ਜਿਸ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਖ ਨੂੰ ਖੋਰਾ ਲੱਗਾ ਹੈ ਅਤੇ ਪਾਟੋਧਾੜ ਹੋਈ ਵਿਰੋਧੀ ਧਿਰ ਅਕਾਲੀ ਦਲ ਤੇ 'ਆਪ' ਵਿਚ ਜਾਨ ਪੈ ਗਈ, ਉਲਟਾ ਕਾਂਗਰਸ ਵਿਚ ਅੰਦਰੂਨੀ ਕਲੇਸ਼ ਛਿੜ ਗਿਆ | ਇਕ ਸੀਨੀਅਰ ਬਜ਼ੁਰਗ ਕਾਂਗਰਸੀ ਨੇਤਾ ਨੇ ਕਿਹਾ ਕਿ ਕੈਪਟਨ ਦੇ ਮੁਕਾਬਲੇ ਨਵਜੋਤ ਸਿੱਧੂ ਹੰਢਿਆ ਹੋਇਆ ਸਿਆਸੀ ਨੇਤਾ ਨਹੀਂ ਹੈ ਜੋ ਪਾਰਟੀ ਨੂੰ ਜਿੱਤ ਦਿਵਾ ਸਕੇ |
ਇਸ ਦਾ ਨੇਤਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਘਾਗ ਸਿਆਸੀ ਲੀਡਰ ਹੈ, ਰਾਸ਼ਟਰ ਪੱਧਰ ਦੀ ਹੈਸੀਅਤ ਰਖਦਾ ਹੈ, ਇਸ ਦੀ ਤੁਲਨਾ ਮਮਤਾ ਬੈਨਰਜੀ ਨਾਲ ਕੀਤੀ ਜਾਂਦੀ ਹੈ ਜਿਸ ਨੇ ਮੋਦੀ ਲਹਿਰ ਨੂੰ ਪੰਜਾਬ ਵਿਚ ਪੈਰ ਪਸਾਰਨ ਨਹੀਂ ਦਿਤੇ | ਇਕ ਹੋਰ ਸਿਆਸੀ ਮਾਹਰ ਨੇ ਅੰਕੜੇ ਦੇ ਕੇ ਦਸਿਆ ਕਿ ਆਉਂਦੀਆਂ ਚੋਣਾਂ ਲਈ ਜੇ ਪ੍ਰਚਾਰ ਮੁੱਖ ਮੰਤਰੀ ਅਹੁਦੇ ਲਈ ਦੋ ਚਿਹਰੇ ਯਾਨੀ ਕੈਪਟਨ ਤੇ ਸਿੱਧੂ ਨੂੰ ਸਾਹਮਣੇ ਰੱਖ ਕੇ ਕੀਤਾ ਤਾਂ ਕਾਂਗਰਸੀ ਉਮੀਦਵਾਰਾਂ ਵਿਚ ਹੀ ਹਾਰ ਜਿੱਤ ਦੀ ਲੜਾਈ ਸ਼ੁਰੂ ਹੋ ਜਾਵੇਗੀ ਅਤੇ ਮੌਜੂਦਾ ਵੰਡ ਤੇ ਪਾਟੋਧਾੜ ਹੋਰ ਨਿਮਾਣ ਤੇ ਡੂੰਘਾਈ ਵੱਲ ਚਲੀ ਜਾਵੇਗੀ | ਕੁੱਝ ਹੋਰ ਮਾਹਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਂਡ ਨੇ ਚੁੱਪ ਬੈਠੇ ਸਿੱਧੂ ਨੂੰ ਅਹੁਦੇ ਦਾ ਲਾਲਚ ਦੇ ਕੇ ਚਲਦੇ ਮੈਚ ਵਿਚ 'ਸੈਲਫ ਗੋਲ' ਕਰ ਲਿਆ ਤੇ ਖ਼ੁਦ ਹੀ ਕਾਂਗਰਸ ਟੀਮ ਨੂੰ ਹਰਾ ਲਿਆ | ਜੇ ਕਾਂਗਰਸ ਪ੍ਰਧਾਨਾਂ ਦੀ ਲਿਸਟ 'ਤੇ ਝਾਤ ਮਾਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਸੱਭ ਤੋਂ ਵੱਧ 3 ਵਾਰ 14 ਜੁਲਾਈ 1998 ਤੋਂ 19 ਅਗੱਸਤ 2002, ਫਿਰ 12 ਨਵੰਬਰ 2010 ਤੋਂ 6 ਮਾਰਚ 2013 ਤਕ ਅਤੇ ਤੀਜੀ ਵਾਰ 27 ਨਵੰਬਰ, 2015 ਤੋਂ 4 ਮਈ 2017 ਤਕ ਇਹ ਅਹੁਦਾ ਸੰਭਾਲਿਆ | ਸ. ਦਰਬਾਰਾ ਸਿੰਘ, ਸੰਤੋਖ ਸਿੰਘ ਰੰਧਾਵਾ ਤੇ ਬੀਬੀ ਰਾਜਿੰਦਰ ਕੌਰ ਭੱਠਲ ਨੇ ਦੋ ਦੋ ਵਾਰ ਇਸ ਅਹੁਦੇ ਦੀ ਸੇਵਾ ਨਿਭਾਈ ਜਦੋਂ ਕਿ ਸੁਨੀਲ ਜਾਖੜ, ਪ੍ਰਤਾਪ ਬਾਜਵਾ, ਲਾਲ ਸਿੰਘ, ਮਹਿੰਦਰ ਕੇ.ਪੀ, ਦੂਲੋ, ਹੰਸਪਾਲ, ਅੰਬਿਕਾ ਸੋਨੀ, ਕਟਾਰੀਆ, ਹੀਰੋ, ਬੇਅੰਤ ਸਿੰਘ, ਸਪੈਰੋ, ਭਾਟੀਆ, ਹੰਸ ਰਾਜ ਸ਼ਰਮਾ ਤੇ ਹੋਰ ਇਕ ਇਕ ਵਾਰ ਹੀ ਪ੍ਰਧਾਨ ਰਹੇ |
ਦਰਅਸਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਅਗਲੇ ਅਹੁਦੇ ਮੁੱਖ ਮੰਤਰੀ ਵਾਸਤੇ ਪੌੜੀ ਦਾ ਪਹਿਲਾ ਡੰਡਾ ਸਮਝਿਆ ਜਾਂਦਾ ਹੈ ਅਤੇ ਨਵਜੋਤ ਸਿੱਧੂ ਵੀ ਇਸੇ ਆਸ ਵਿਚ ਹੁਣ ਤੋਂ ਹੀ ਮੁੱਖ ਮੰਤਰੀ ਦੇ ਅਹੁਦੇ ਨੂੰ ਪ੍ਰਾਪਤ ਕਰਨ ਲਈ ਤੜਪ ਵਿਚ ਲੱਗ ਗਿਆ ਹੈ | ਜੇ ਸਿੱਧੂ ਦੇ ਕ੍ਰਿਕਟ ਕੈਰੀਅਰ, ਬੀਜੇਪੀ ਸਿਆਸੀ ਸਮੇਂ ਸੀਰੀਅਲ ਲਾਫਟਰ ਸ਼ੋਅ ਅਤੇ ਹੁਣ ਕਾਂਗਰਸ ਦੇ ਪਿਛਲੇ 4 ਸਾਲ ਦੇ ਸਮੇਂ ਦੀ ਪੁਣਛਾਣ ਕਰੀਏ ਤਾਂ ਇਕ ਆਲੋਚਨਾਤਮਕ ਦੋਸਤ ਅਨੁਸਾਰ ਇਸ 57 ਸਾਲਾ ਨੌਜਵਾਨ ਨੇ 19 ਸਾਲ ਵਧੀਆ ਕ੍ਰਿਕਟ ਖੇਡੀ, ਵਿਚੋਂ ਛੱਡ ਕੇ ਅਨੁਸ਼ਾਸਨਹੀਣਤਾ ਦਿਖਾਉਂਦੇ ਬਾਹਰ ਆ ਗਿਆ | ਫਿਰ ਬੀਜੇਪੀ ਵਿਚ 16 ਬਿਤਾਏ, 3 ਵਾਰ ਐਮ.ਪੀ. ਰਿਹਾ, ਇਕ ਵਾਰ ਰਾਜ ਸਭਾ ਵਿਚ ਨਾਮਜ਼ਦ ਕੀਤਾ, ਉਥੋਂ ਛੱਡ ਕੇ ਕਾਂਗਰਸ ਦਾ ਪੱਲਾ 4 ਸਾਲ ਪਹਿਲਾਂ ਫੜਿਆ, ਮੰਤਰੀ ਤੋਂ ਅਸਤੀਫ਼ਾ ਦਿਤਾ, ਹੁਣ ਫਿਰ ਮੁੱਖ ਮੰਤਰੀ ਨਾਲ ਸਿੰਝ ਦਸਾ ਲਏ |
ਸਿਆਸੀ ਮਾਹਰਾਂ ਦਾ ਅਨੁਮਾਨ ਹੈ ਕਿ ਪੰਜਾਬ ਕਾਂਗਰਸ ਦਾ ਗਰਾਫ਼, ਬਾਕੀ ਸਿਆਸੀ ਦਲਾਂ, ਅਕਾਲੀ ਬੀ.ਐਸ.ਪੀ., 'ਆਪ', ਬੀਜੇਪੀ ਨਾਲੋਂ ਅਜੇ ਵੀ ਉਪਰ ਹੈ ਪਰ ਜੇ ਇਹ ਅੰਦਰੂਨੀ ਕਲੇਸ਼ ਹੋਰ ਕੁੱਝ ਦਿਨਾਂ ਤਕ ਖ਼ਤਮ ਨਾ ਹੋਇਆ ਅਤੇ ਟਿਕਟ ਵੰਡ ਲੜਾਈ ਨਾ ਨਿਪਟਾਈ ਗਈ ਤਾਂ ਪੰਜਾਬ ਵਿਚ ਕਾਂਗਰਸ ਸਰਕਾਰ ਦਾ ਦੁਬਾਰਾ ਆਉਣਾ ਔਖਾ ਹੋ ਜਾਵੇਗਾ |
ਫ਼ੋਟੋ: ਕੈਪਟਨ, ਸੋਨੀਆ, ਨਵਜੋਤ ਸਿੱਧੂ