
ਹਿੰਦੋਸਤਾਨ-ਪਾਕਿਸਤਾਨ ਬਾਰਡਰ ਦੀ ਜ਼ੀਰੋ ਲਾਈਨ ਤੋਂ 4 ਕਿਲੋ 600 ਗ੍ਰਾਮ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ
ਖਾਲੜਾ, ਤਰਨਤਾਰਨ, ਭਿੱਖੀਵਿੰਡ, 16 ਜੁਲਾਈ (ਗੁਰਪ੍ਰੀਤ ਸਿੰਘ ਸ਼ੈਡੀ, ਅਜੀਤ ਸਿੰਘ ਘਰਿਆਲਾ, ਗੁਰਪ੍ਰਤਾਪ ਸਿੰਘ ਜੱਜ) : ਏ.ਐਸ.ਆਈ ਸਤਨਾਮ ਸਿੰਘ ਥਾਣਾ ਖਾਲੜਾ ਸਮੇਤ ਸਾਥੀ ਕਰਮਚਾਰੀਆਂ ਦੌਰਾਨੇ ਗਸ਼ਤ ਵਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਜੂ.ਬੀ.ਡੀ.ਸੀ ਪੁੱਲ ਮੌਜੂਦ ਸੀ ਕਿ ਮੁਖਬਰ ਖਾਸ ਨੇ ਇਤਲਾਹ ਦਿਤੀ ਕਿ ਕਾਬਲ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਸੂਰਤਾ ਸਿੰਘ ਪੁੱਤਰ ਦੇਸਾ ਸਿੰਘ ਵਾਸੀਆਨ ਡੱਲ ਨੇ ਅਪਣੇ ਹੋਰ ਸਾਥੀਆਂ ਨਾਲ ਮਿਲ ਕੇ ਪਾਕਿਸਤਾਨ ਤਸਕਰਾਂ ਨਾਲ ਤਾਲਮੇਲ ਕਰ ਕੇ ਬੀ.ਐਸ.ਐਫ ਚੌਂਕੀ ਬੀ.ਓ.ਪੀ ਡੱਲ ਦੇ ਨਜ਼ਦੀਕ ਤਾਰਾਂ ਤੋਂ ਅੱਗੇ ਜ਼ਮੀਨ ਵਿਚ ਹੈਰੋਇਨ ਭਾਰੀ ਮਾਤਰਾ ਵਿਚ ਲੁਕਾ-ਛੁਪਾ ਕੇ ਨੱਪੀ ਹੋਈ ਹੈ। ਜੇਕਰ ਬਾਰਡਰ ਦੀਆਂ ਤਾਰਾਂ ਤੋਂ ਪਾਰ ਜ਼ਮੀਨ ਦੇ ਆਸ-ਪਾਸ ਸਰਚ ਕੀਤੀ ਜਾਵੇ ਤਾਂ ਭਾਰੀ ਮਾਤਰਾ ਵਿਚ ਹੈਰੋਇਨ ਬ੍ਰਾਮਦ ਹੋ ਸਕਦੀ ਹੈ। ਜਿਸ ’ਤੇ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਮੁਕੱਦਮਾ ਨੰਬਰ 62 ਮਿਤੀ 15-07-2021 ਜੁਰਮ 21-ਸੀ/29/61/85 ਥਾਣਾ ਖਾਲੜਾ ਦਰਜ਼ ਰਜਿਸਟਰ ਕਰ ਕੇ ਅਗਲੀ ਤਫ਼ਤੀਸ਼ ਅਮਲ ਵਿਚ ਲਿਆਂਦੀ।
ਦੌਰਾਨੇ ਤਫ਼ਤੀਸ਼ ਇਤਲਾਹ ਮਿਲਣ ’ਤੇ ਰਾਜਬੀਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਵਲੋਂ ਸਪੈਸ਼ਲ ਟੀਮਾਂ ਬਣਾ ਕੇ ਭੇਜੀਆਂ ਗਈਆਂ ਸਨ। ਜਿਸ ਵਿਚ ਰਾਜਬੀਰ ਸਿੰਘ/ਡੀ.ਐਸ.ਪੀ ਭਿੱਖੀਵਿੰਡ ਅਤੇ ਮੁੱਖ ਅਫ਼ਸਰ ਥਾਣਾ ਖਾਲੜਾ ਸਮੇਤ ਪੁਲਿਸ ਪਾਰਟੀ ਵਲੋਂ 27 ਐਵੀਡੈਂਸ ਐਕਟ ਤਹਿਤ ਕਾਬਲ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਸੂਰਤਾ ਸਿੰਘ ਪੁੱਤਰ ਦੇਸਾ ਸਿੰਘ ਵਾਸੀਆਨ ਡੱਲ ਨੂੰ ਕਾਬੂ ਕਰ ਕੇ ਬੀ.ਐਸ.ਐਫ਼ ਦੀ ਮਦਦ ਨਾਲ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਮੌਕੇ ਪਰ ਪੁੱਜ ਕੇ ਬੀ.ਐਸ.ਐਫ਼ ਦੀ ਪੋਸਟ ਡੱਲ ਨੰਬਰ 136/27/28 ਦੇ ਨੇੜੇ ਸਰਚ ਅਪਰੇਸ਼ਨ ਸ਼ੁਰੂ ਕੀਤਾ ਗਿਆ। ਜੋ ਦੌਰਾਨੇ ਸਰਚ ਅਪਰੇਸ਼ਨ ਜ਼ਮੀਨ ਵਿਚੋਂ 2 ਬੋਤਲਾਂ ਪਲਾਸਟਿਕ ਹੈਰੋਇਨ ਨੱਪੀ ਹੋਈ ਸੀ, ਜਿਸ ਨੂੰ ਪੁਲਿਸ ਨੇ ਕਬਜੇ ਵਿਚ ਲੈ ਕੇ ਹੈਰੋਇਨ ਦਾ ਵਜ਼ਨ ਕੀਤਾ ਗਿਆ। ਜੋ ਕਿ ਹੈਰੋਇਨ ਦੀ ਮਾਤਰਾ 04 ਕਿਲੋ 600 ਗ੍ਰਾਮ ਸੀ। ਜਿਸ ’ਤੇ ਕਾਬਲ ਸਿੰਘ ਪੁੱਤਰ ਮਿਲਖਾ ਸਿੰਘ ਅਤੇ ਸੂਰਤਾ ਸਿੰਘ ਪੁੱਤਰ ਦੇਸਾ ਸਿੰਘ ਵਾਸੀਆਨ ਡੱਲ ਪਾਸੋਂ 4 ਕਿਲੋ 600 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ। ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਮਾਂਡ ਹਾਸਲ ਕੀਤਾ ਜਾ ਰਿਹਾ ਹੈ।
16-05