
ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ
ਚੰਡੀਗੜ੍ਹ (ਭੁੱਲਰ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਏ ਜਾਣ ਦਾ ਜ਼ੋਰਦਾਰ ਵਿਰੋਧ ਕੀਤਾ ਹੈ। ਨਵਜੋਤ ਸਿੱਧੂ ਦੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਮੌਕੇ ਹੀ ਕੈਪਟਨ ਵਲੋਂ ਹਾਈਕਮਾਨ ਨੂੰ ਇਕ ਚਿੱਠੀ ਲਿਖ ਕੇ ਸਿੱਧੂ ਦਾ ਵਿਰੋਧ ਕੀਤਾ ਗਿਆ। ਇਹ ਚਿੱਠੀ ਮੁੱਖ ਮੰਤਰੀ ਦੇ ਓ.ਐਸ.ਡੀ. ਨਰਿੰਦਰ ਸਿੰਘ ਭਾਂਬਰੀ ਲੈ ਕੇ ਪੁੱਜੇ ਸਨ।
Captain Amarinder Singh, Sonia Gandhi, Navjot Sidhu
ਇਸ ਤੋਂ ਪਹਿਲਾਂ ਪੰਜਾਬ ਦੇ ਇੰਚਾਰਜ ਹਰੀਸ਼ ਰਾਵਤ ਨੇ ਇਹ ਇਸ਼ਾਰਾ ਦਿਤਾ ਸੀ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪ੍ਰਧਾਨ ਬਣਾਉਣ ਦਾ ਫ਼ੈਸਲਾ ਲੈ ਲਿਆ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਵੀ ਜਨਤਕ ਤੌਰ ’ਤੇ ਐਲਾਨ ਕੀਤਾ ਸੀ ਕਿ ਉਹ ਕੈਪਟਨ ਦੇ ਹੇਠਾਂ ਲੱਗ ਕੇ ਕੈਬਨਿਟ ਮਨਿਸਟਰ ਬਣਨ ਨੂੰ ਤਿਆਰ ਨਹੀਂ। ਹੁਣ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਹ ਲਿਖਿਆ ਹੈ ਕਿ ਪੰਜਾਬ ਦੇ ਪੁਰਾਣੇ ਕਾਂਗਰਸੀ ਨਵਜੋਤ ਸਿੱਧੂ ਦੇ ਹੇਠਾਂ ਲੱਗ ਕੇ, ਕਾਂਗਰਸ ਵਿਚ ਰਹਿਣ ਲਈ ਤਿਆਰ ਨਹੀਂ।
Navjot Sidhu
ਕਾਂਗਰਸ ਦੇ ਸੂਤਰਾਂ ਅਨੁਸਾਰ ਕਈ ਕਾਂਗਰਸੀ, ਏਨੇ ਨਿਰਾਸ਼ ਹੋ ਗਏ ਹਨ ਕਿ ਉਹ ਸਿੱਧੂ ਨੂੰ ਪ੍ਰਧਾਨ ਮੰਨਣ ਦੀ ਬਜਾਏ ਕਿਸੇ ਹੋਰ ਪਾਰਟੀ ਵਿਚ ਰਲਣਾ ਪਸੰਦ ਕਰਨਗੇ। ਕੈਪਟਨ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਕੰਮਕਾਰ ਦਾ ਤਰੀਕਾ ਪਾਰਟੀ ਲਈ ਠੀਕ ਨਹੀਂ ਰਹੇਗਾ। ਪਾਰਟੀ ਵਿਚ ਫੁੱਟ ਪੈ ਜਾਵੇਗੀ। ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਪੁਰਾਣੇ ਕਾਂਗਰਸੀ ਨਰਾਜ਼ ਹੋ ਜਾਣਗੇ।
captain amrinder singh
ਕਾਂਗਰਸ ਤੇ ਸਰਕਾਰ ਦੋਹਾਂ ਨੂੰ ਹੀ ਨੁਕਸਾਨ ਹੋਵੇਗਾ। ਹਿੰਦੂ, ਦਲਿਤ ਤੇ ਹੋਰ ਵਰਗ ਵੀ ਨਰਾਜ਼ ਹੋਣਗੇ। ਕੈਪਟਨ ਨੇ ਇਥੋਂ ਤਕ ਕਹਿ ਦਿਤਾ ਕਿ ਸਿੱਧੂ ਪ੍ਰਧਾਨ ਬਣਿਆ ਤਾਂ ਪਾਰਟੀ ਆਉਂਦੀਆਂ ਚੋਣਾਂ ਵਿਚ ਸੱਤਾ ਤੋਂ ਬਾਹਰ ਵੀ ਹੋ ਜਾਵੇਗੀ। ਕੈਪਟਨ ਨੇ ਸਿੱਧੂ ਨੂੰ ਪ੍ਰਧਾਨਗੀ ਸੌਂਪੇ ਜਾਣ ਦੀਆਂ ਖ਼ਬਰਾਂ ’ਤੇ ਸਖ਼ਤ ਨਰਾਜ਼ਗੀ ਪ੍ਰਗਟ ਕਰਦੇ ਹੋਏ ਕਿਹਾ ਕਿ ਅਗਰ ਸਿੱਧੂ ਨੂੰ ਪ੍ਰਧਾਨ ਬਣਾਇਆ ਤਾਂ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਵੀ ਹਾਈਕਮਾਨ ਦੀ ਹੋਵੇਗੀ।