
ਜ਼ਰੂਰਤਮੰਦਾਂ ਨੂੰ ਮੈਡੀਕਲ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ
ਲੁਧਿਆਣਾ - ਲੁਧਿਆਣਾ 'ਚ ਸਤਲੁਜ ਦਾ ਪੱਧਰ ਘੱਟ ਚੁੱਕਾ ਹੈ ਅਤੇ ਪ੍ਰਭਾਵਿਤ ਇਲਾਕਿਆਂ ਨੂੰ ਵੱਡੀ ਰਾਹਤ ਮਿਲੀ ਹੈ। ਮੁੱਖ ਮੰਤਰੀ ਪੰਜਾਬ ਵਲੋਂ ਵੀ ਆਦੇਸ਼ ਜਾਰੀ ਕੀਤੇ ਗਏ ਹਨ ਕਿ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਲੁਧਿਆਣਾ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਵਿਚ ਜ਼ਾਇਜਾ ਲਿਆ ਜਾ ਰਿਹਾ ਹੈ। ਲੋਕਾਂ ਦੀ ਨੁਕਸਾਨੀ ਗਈ ਫ਼ਸਲ ਜਾਂ ਫਿਰ ਲੋਕਾਂ ਦੇ ਘਰਾਂ ਵਿਚ ਹੋਏ ਸਮਾਨ ਜਾਂ ਹੋਰ ਨੁਕਸਾਨ ਦਾ ਮੁਆਵਜਾ ਲੋਕਾਂ ਨੂੰ ਮਿਲੇਗਾ।
ਇੰਨਾ ਹੀ ਨਹੀਂ ਹੁਣ ਮੈਡੀਕਲ ਟੀਮਾਂ ਵੀ ਇਲਾਕਿਆਂ ਦਾ ਦੌਰਾ ਕਰ ਰਹੀਆਂ ਹਨ। ਜ਼ਰੂਰਤਮੰਦਾਂ ਨੂੰ ਮੈਡੀਕਲ ਦੀਆਂ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੁਧਿਆਣਾ ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਦੱਸਿਆ ਕਿ ਲੁਧਿਆਣਾ ਪ੍ਰਸ਼ਾਸਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਟੀਮਾਂ ਭੇਜੀਆਂ ਜਾ ਰਹੀਆਂ ਹਨ ਅਤੇ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਰਿਪੋਰਟ ਬਣਾ ਕੇ ਬਣਦਾ ਮੁਆਵਜ਼ਾ ਦਿੱਤਾ ਜਾ ਸਕੇ।
ਉਹਨਾਂ ਨੇ ਕਿਹਾ ਕਿ ਮੈਡੀਕਲ ਟੀਮਾਂ ਵੀ ਲੋਕਾਂ ਦੇ ਘਰਾਂ ਵਿਚ ਜਾ ਕੇ ਸੁਵਿਧਾਵਾਂ ਪ੍ਰਦਾਨ ਕਰ ਰਹੀਆਂ ਹਨ। ਸੁਰਭੀ ਮਲਿਕ ਨੇ ਕਿਹਾ ਕਿ ਕੁਝ ਇਲਾਕਿਆਂ ਵਿਚ ਡਾਇਰੀਆ ਜਾਂ ਸਕਿਨ ਸੰਬੰਧੀ ਬਿਮਾਰੀਆਂ ਲੱਗਣ ਦਾ ਖਦਸ਼ਾ ਸੀ। ਉਨ੍ਹਾਂ ਲੋਕਾਂ ਤੱਕ ਰਾਹਤ ਪਹੁੰਚਾਉਣ ਲਈ ਮੈਡੀਕਲ ਟੀਮਾਂ ਉਨ੍ਹਾਂ ਦੇ ਦਰਵਾਜ਼ੇ ਤੱਕ ਪਹੁੰਚ ਕਰਨਗੀਆਂ ਤੇ ਉਹਨਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਕਿਹੜੀ ਬਿਮਾਰੀ ਲਈ ਕੀ ਦਵਾਈ ਲੈਣੀ ਹੈ ਤੇ ਇਹ ਦਵਾਈ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਲੈਣੀ ਹੈ।