
ਰਾਜ ਸਭਾ ਵਿਚ ਮਾਰਸ਼ਲਾਂ ਦਾ ਬਲ ਪ੍ਰਯੋਗ ਸਾਂਸਦਾਂ 'ਤੇ ਕੀਤਾ ਗਿਆ ਲੁਕਵਾਂ ਹਮਲਾ : ਸ਼ਰਦ ਪਵਾਰ
54 ਸਾਲ ਦੇ ਸੰਸਦੀ ਜੀਵਨ ਵਿਚ ਕਦੇ ਵੀ 40 ਮਾਰਸ਼ਲਾਂ ਨੂੰ ਸਦਨ 'ਚ ਦਾਖ਼ਲ ਹੁੰਦੇ ਨਹੀਂ ਦੇਖਿਆ
ਮੁੰਬਈ, 16 ਅਗੱਸਤ : ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਸ਼ਰਦ ਪਵਾਰ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਪਿਛਲੇ ਹਫ਼ਤੇ ਰਾਜਸਭਾ ਵਿਚ ਰੌਲੇ ਦੌਰਾਨ ਮਾਰਸ਼ਲਾਂ ਵਲੋਂ ਕੀਤਾ ਗਿਆ ਬਲ ਪ੍ਰਯੋਗ 'ਸਾਂਸਦਾਂ 'ਤੇ ਕੀਤਾ ਗਿਆ ਲੁਕਵਾਂ ਹਮਲਾ' ਸੀ | ਉਨ੍ਹਾਂ ਕਿਹਾ ਕਿ ਜੇਕਰ ਸੱਤ ਕੇਂਦਰੀ ਮੰਤਰੀਆਂ ਨੂੰ ਮੀਡੀਆ ਸਾਹਮਣੇ ਆ ਕੇ ਸਰਕਾਰ ਦਾ ਪੱਖ ਲੈਣਾ ਪੈ ਰਿਹਾ ਹੈ ਤਾਂ ਇਸ ਦਾ ਮਤਲਬ ਹੈ ਕਿ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੈ | ਪਵਾਰ ਨੇ ਇਥੇ ਪੱਤਰਕਾਰ ਵਾਰਤਾ ਵਿਚ ਕਿਹਾ ਕਿ ਉਨ੍ਹਾਂ ਦੇ 54 ਸਾਲ ਦੇ ਸੰਸਦੀ ਜੀਵਨ ਵਿਚ ਉਨ੍ਹਾਂ ਨੇ ਸਤਰ ਦੌਰਾਨ ਕਦੇ ਵੀ 40 ਮਾਰਸ਼ਲਾਂ ਨੂੰ ਸਦਨ ਵਿਚ ਦਾਖ਼ਲ ਹੁੰਦੇ ਨਹੀਂ ਦੇਖਿਆ | ਪਵਾਰ ਨੇ ਕਿਹਾ ਕਿ ਸਤਰ ਦੌਰਾਨ ਸਦਨ ਵਿਚ 'ਬਹਰਲੇ' ਲੋਕਾਂ ਦੇ ਦਾਖ਼ਲ ਹੋਣ ਦੀ ਜਾਂਚ ਹੋਣੀ ਚਾਹੀਦੀ ਹੈ | ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਪੇਗਾਸਸ ਦੇ ਮੁੱਦੇ 'ਤੇ ਬਣੀ ਸੰਸਦੀ ਕਮੇਟੀ ਵਿਚ ਅਭਿਸ਼ੇਕ ਮਨੂ ਸਿੰਘਵੀ, ਪੀ. ਚਿਦੰਬਰਮ ਅਤੇ ਕਪਿਲ ਸਿੱਬਲ ਵਿਚੋਂ ਕਿਸੇ ਇਕ ਨੂੰ ਸ਼ਾਮਲ ਕਰਨਾ ਚਾਹੀਦਾ ਹੈ |
ਉਨ੍ਹਾਂ ਕਿਹਾ,''40 ਮਾਰਸ਼ਲਾਂ ਨੂੰ ਬੁਲਾਇਆ ਗਿਆ, ਜਿਨ੍ਹਾਂ ਨੇ ਸਾਂਸਦਾਂ ਨੂੰ ਧੱਕੇ ਮਾਰੇ | ਉਨ੍ਹਾਂ ਵਿਚ ਦੋ ਔਰਤਾਂ ਵੀ ਸ਼ਾਮਲ ਸਨ | ਬਹੁਤ ਸਾਰੇ ਲੋਕ ਉਨ੍ਹਾਂ ਦੀ ਮਦਦ ਕਰਨ ਲੱਗੇ | ਮਾਰਸ਼ਲਾਂ ਨੇ ਬਲ ਪ੍ਰਯੋਗ ਕੀਤਾ ਜੋ ਸਾਂਸਦਾਂ 'ਤੇ ਲੁਕਵਾਂ ਹਮਲਾ ਸੀ |'' ਉਨ੍ਹਾਂ ਕਿਹਾ ਕਿ ਸੰਜੇ ਰਾਊਤ (ਰਾਜਸਭਾ ਵਿਚ ਸ਼ਿਵਸੈਨਾ ਦੇ ਸਾਂਸਦ) ਨੂੰ ਤਾਂ ਮਾਰਸ਼ਲਾਂ ਨੇ ਚੁੱਕ ਲਿਆ ਸੀ |
ਐਤਵਾਰ ਨੂੰ ਸੱਤ ਕੇਂਦਰੀ ਮੰਤਰੀਆਂ ਨੇ ਰਾਜਸਭਾ ਦੇ ਸਭਾਪਤੀ ਅਤੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨਾਲ ਮੁਲਾਕਾਤ ਕਰ ਕੇ ਸਦਨ ਵਿਚ 11 ਅਗੱਸਤ ਨੂੰ ਕੀਤੀ ਗਈ ਖਿੱਚਧੂਹ ਲਈ ਵਿਰੋਧੀ ਧਿਰ ਦੇ ਕੁੱਝ ਮੈਂਬਰਾਂ ਵਿਰੁਧ ਕਾਰਵਾਈ ਕਰਨ ਦੀ ਮੰਗ ਕੀਤੀ | ਪਵਾਰ ਨੇ ਕਿਹਾ,''ਜੇਕਰ ਸੱਤ ਕੇਂਦਰੀ ਮੰਤਰੀਆਂ ਨੂੰ ਮੀਡੀਆ ਸਾਹਮਣੇ ਆ ਕੇ ਸਰਕਾਰ ਦਾ ਬਚਾਅ ਕਰਨਾ ਪਿਆ ਤਾਂ ਇਸ ਤੋਂ ਪਤਾ ਚਲਦਾ ਹੈ ਕਿ ਉਨ੍ਹਾਂ ਦੀ ਸਥਿਤੀ ਕਮਜ਼ੋਰ ਹੈ | ਸਰਕਾਰ ਵਿਰੋਧੀ ਸਾਂਸਦਾਂ ਵਿਰੁਧ ਕਾਰਵਾਈ ਕਰ ਸਕਦੀ ਹੈ, ਪਰ ਇਹ ਲੋਕਤੰਤਰ ਲਈ ਬੇਹੱਦ ਖ਼ਤਰਨਾਕ ਹੈ | (ਏਜੰਸੀ)