
ਪੇਗਾਸਸ ਜਾਸੂਸੀ ਮਾਮਲਾ : ਕੇਂਦਰ ਸਰਕਾਰ ਨੇ ਅਦਾਲਤ ਨੂੰ ਕਿਹਾ, ਲੁਕਾਉਣ ਲਈ ਕੁੱਝ ਨਹੀਂ
ਅਪੀਲਾਂ 'ਅੰਦਾਜ਼ਿਆਂ ਅਤੇ ਮੀਡੀਆ ਵਿਚ ਆਈਆਂ ਅਪੁਸ਼ਟ ਖ਼ਬਰਾਂ 'ਤੇ ਆਧਾਰਤ
ਨਵੀਂ ਦਿੱਲੀ, 16 ਅਗੱਸਤ : ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸਿਖਰਲੀ ਅਦਾਲਤ ਨੂੰ ਦਸਿਆ ਕਿ ਪੇਗਾਸਸ ਜਾਸੂਸੀ ਦੇ ਦੋਸ਼ਾਂ ਵਿਚ 'ਲੁਕਾਉਣ ਲਈ ਕੁੱਝ ਵੀ ਨਹੀਂ' ਹੈ ਤੇ ਉਹ ਇਸ ਮਾਮਲੇ ਦੇ ਸਾਰੇ ਪੱਖਾਂ ਦੇ ਨਿਰੀਖਣ ਲਈ ਪ੍ਰਮੁਖ ਮਾਹਰਾਂ ਦੀ ਇਕ ਕਮੇਟੀ ਬਣਾਏਗੀ | ਪ੍ਰਧਾਨ ਜੱਜ ਐਨ ਵੀ ਰਮਣ, ਜੱਜ ਸੂਰਿਆ ਕਾਂਤ ਅਤੇ ਜੱਜ ਅਨਿਰੁਧ ਬੋਸ ਦੇ ਤਿੰਨ ਮੈਂਬਰੀ ਬੈਂਚ ਨੇ ਇਸ ਗੱਲ 'ਤੇ ਚਰਚਾ ਕੀਤੀ ਕਿ ਕੀ ਇਸ ਮਾਮਲੇ ਵਿਚ ਸੋਮਵਾਰ ਨੂੰ ਸੰਖੇਪ ਕਮੇਟੀ ਹਲਫ਼ਨਾਮਾ ਦਾਖ਼ਲ ਕਰਨ ਵਾਲੀ ਕੇਂਦਰ ਸਰਕਾਰ ਨੂੰ ਵਿਸਤਾਰਤ ਹਲਫ਼ਨਾਮਾ ਦਾਖ਼ਲ ਕਰਨਾ ਚਾਹੀਦਾ ਹੈ | ਇਸ ਮਾਮਲੇ ਵਿਚ ਮੰਗਲਵਾਰ ਨੂੰ ਵੀ ਸੁਣਵਾਈ ਜਾਰੀ ਰਹੇਗੀ | ਜੱਜ ਇਜ਼ਰਾਈਲ ਦੇ ਜਾਸੂਸੀ ਸਾਫ਼ਟਵੇਅਰ ਪੇਗਾਸਸ ਨਾਲ ਕਥਿਤ ਤੌਰ 'ਤੇ ਜਾਸੂਸੀ ਕਰਵਾਏ ਜਾਣ ਦੇ ਮਾਮਲੇ ਦੀ ਸੁਤੰਤਰ ਜਾਂਚ ਕਰਵਾਉਣ ਦੀ ਬੇਨਤੀ ਵਾਲੀਆਂ ਅਪੀਲਾਂ 'ਤੇ ਸੁਣਵਾਈ ਕਰ ਰਹੇ ਹਨ |
ਜਾਸੂਸੀ ਦੇ ਦੋਸ਼ਾਂ ਦੀ ਜਾਂਚ ਲਈ ਅਪੀਲ ਦਾਖ਼ਲ ਕਰਨ ਵਾਲੇ ਸੀਨੀਅਰ ਪੱਤਰਕਾਰ ਐਨ ਰਾਮ ਅਤੇ ਸ਼ਸ਼ੀ ਕੁਮਾਰ ਵਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਸਰਕਾਰ ਦਾ ਹਲਫ਼ਨਾਮਾ ਇਹ ਨਹੀਂ ਦਸਦਾ ਕਿ ਸਰਕਾਰ ਜਾਂ ਉਸ ਦੀਆਂ ਏਜੰਸੀਆਂ ਨੇ ਜਾਸੂਸੀ ਸਾਫ਼ਟਵੇਅਰ ਦਾ ਇਸਤੇਮਾਲ ਕੀਤਾ ਜਾਂ ਨਹੀਂ | ਸਾਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਦਸਿਆ ਕਿ ਪੇਗਾਸਸ ਮਾਮਲੇ ਵਿਚ ਰਾਸ਼ਟਰੀ ਸੁਰੱਖਿਆ ਦਾ ਪੱਖ ਸ਼ਾਮਲ ਹੋਵੇਗਾ ਅਤੇ ਇਹ 'ਸੰਵੇਦਨਸ਼ੀਲ' ਮਸਲਾ ਹੈ |
ਮਹਿਤਾ ਨੇ ਬੈਂਚ ਨੂੰ ਦਸਿਆ,''ਅਸੀਂ ਇਕ ਸੰਵੇਦਨਸ਼ੀਲ ਮਸਲੇ ਨੂੰ ਦੇਖ ਰਹੇ ਹਾਂ ਅਤੇ ਅਜਿਹਾ ਲਗਦਾ ਹੈ ਕਿ ਇਸ ਨੂੰ 'ਸਨਸਨੀਖ਼ੇਜ਼' ਬਣਾਉਣ ਦੇ ਯਤਨ ਕੀਤੇ ਜਾ ਰਹੇ ਹਨ |'' ਉਨ੍ਹਾਂ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਹੈ |
ਮਹਿਤਾ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਤਕਨੀਕੀ ਹੈ ਅਤੇ ਇਸ ਦੇ ਪੱਖਾਂ ਨੂੰ ਦੇਖਣ ਲਈ ਮਾਹਰਾਂ ਦੀ ਲੋੜ ਹੈ | ਉਨ੍ਹਾਂ ਕਿਹਾ,''ਲੁਕਾਉਣ ਲਈ ਕੁੱਝ ਵੀ ਨਹੀਂ ਹੈ | ਮਾਹਰਾਂ ਦੀ ਕਮੇਟੀ ਤੋਂ ਇਸ ਦੀ ਜਾਂਚ ਦੀ ਲੋੜ ਹੈ | ਇਹ ਬੇਹੱਦ ਤਕਨੀਕੀ ਮੁੱਦਾ ਹੈ | ਅਸੀਂ ਇਸ ਖੇਤਰ ਦੇ ਪ੍ਰਮੁਖ ਮਾਹਰਾਂ ਦੀ ਨਿਯੁਕਤੀ ਕਰਾਂਗੇ | ਸਿੱਬਲ ਨੇ ਕਿਹਾ,''ਅਸੀਂ ਨਹੀਂ ਚਾਹੁੰਦੇ ਕਿ ਸਰਕਾਰ, ਜਿਸ ਨੇ ਪੇਗਾਸਸ ਦਾ ਇਸਤੇਮਾਲ ਕੀਤਾ ਹੋਵੇ ਜਾਂ ਉਸ ਦੀਆਂ ਏਜੰਸੀਆਂ ਜਿਸ ਨੇ ਹੋ ਸਕਦਾ ਹੈ ਇਸ ਦਾ ਇਸਤੇਮਾਲ ਕੀਤਾ ਹੋਵੇ, ਅਪਣੇ ਆਪ ਇਕ ਕਮੇਟੀ ਬਣਾਵੇ |'' ਕੇਂਦਰ ਨੇ ਹਲਫ਼ਨਾਮੇ ਵਿਚ ਕਿਹਾ ਕਿ ਪੇਗਾਸਸ ਜਾਸੂਸੀ ਦੇ ਦੋਸ਼ਾਂ ਲਈ ਸੁਤੰਤਰ ਜਾਂਚ ਦੀ ਮੰਗ ਕਰਨ ਵਾਲੀਆਂ ਅਪੀਲਾਂ 'ਅੰਦਾਜ਼ਿਆਂ, ਕਿਆਸਿਆਂ ਅਤੇ ਮੀਡੀਆ ਵਿਚ ਆਈਆਂ ਅਪੁਸ਼ਟ ਖ਼ਬਰਾਂ 'ਤੇ ਅਧਾਰਤ ਹੈ |
ਯਾਦ ਰਹੇ ਕਿ ਪੰਜ ਅਗੱਸਤ ਨੂੰ ਮਾਮਲੇ ਦੀ ਸੁਣਵਾਈ ਦੌਰਾਨ ਸਿਖਰਲੀ ਅਦਾਲਤ ਨੇ ਕਿਹਾ ਸੀ ਕਿ ਪੇਗਾਸਸ ਤੋਂ ਜਾਸੂਸੀ ਕਰਵਾਏ ਜਾਣ ਸਬੰਧੀ ਖ਼ਬਰਾਂ ਜੇਕਰ ਸੱਚ ਹਨ ਤਾਂ ਇਹ ਦੋਸ਼ ਗੰਭੀਰ ਹਨ | (ਏਜੰਸੀ)