
ਪਰਿਵਾਰ ਨਾਲ ਸਕੂਟਰ 'ਤੇ ਜਾਂਦੇ ਸਮੇਂ ਵਾਪਰਿਆ ਹਾਦਸਾ
ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਵਿੱਚ ਚਾਈਨਾ ਡੋਰ ਨਾਲ ਗਲਾ ਵੱਢਣ ਕਾਰਨ 6 ਸਾਲਾ ਬੱਚੇ ਦੀ ਮੌਤ ਹੋ ਗਈ ਹੈ। ਬੱਚਾ ਆਪਣੇ ਪਰਿਵਾਰ ਨਾਲ ਸਕੂਟਰ 'ਤੇ ਦੁੱਗਰੀ ਜਾ ਰਿਹਾ ਸੀ। ਇਹ ਹਾਦਸਾ ਗਿੱਲ ਨਹਿਰ ਪੁਲ ਨੇੜੇ ਵਾਪਰਿਆ। ਜਾਣਕਾਰੀ ਅਨੁਸਾਰ ਬੱਚਾ ਸਕੂਟਰ ਅੱਗੇ ਖੜ੍ਹਾ ਸੀ ਅਤੇ ਸਕੂਟਰ 'ਤੇ ਪਿੱਛੇ ਉਸਦੀ ਮਾਂ ਅਤੇ ਛੋਟਾ ਭਰਾ ਬੈਠੇ ਸਨ।
Death
ਮ੍ਰਿਤਕ ਬੱਚੇ ਦੀ ਪਛਾਣ ਦਕਸ਼ ਗਿਰੀ ਵਾਸੀ ਈਸ਼ਰ ਨਗਰ ਵਜੋਂ ਹੋਈ ਹੈ। ਬੱਚੇ ਦੇ ਮਾਪਿਆਂ ਦੀ ਸ਼ਿਕਾਇਤ ’ਤੇ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਬੱਚੇ ਦੀ ਮੌਤ ਕਾਰਨ ਮਾਪੇ ਬੇਵੱਸ ਹਨ ਅਤੇ ਉਦਾਸੀ ਦੇ ਆਲਮ ਵਿਚ ਹਨ। ਮ੍ਰਿਤਕ ਬੱਚੇ ਦਕਸ਼ ਦੇ ਪਿਤਾ ਧਰੁਵ ਗਿਰੀ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਆਪਣੇ ਪਰਿਵਾਰ ਨਾਲ ਸਕੂਟਰ 'ਤੇ ਦੁੱਗਰੀ ਜਾ ਰਿਹਾ ਸੀ। ਦਕਸ਼ ਸਕੂਟਰ 'ਤੇ ਅੱਗੇ ਖੜ੍ਹਾ ਸੀ ਅਤੇ ਪਤਨੀ ਛੋਟੇ ਪੁੱਤਰ ਨਾਲ ਪਿਛਲੀ ਸੀਟ 'ਤੇ ਬੈਠੀ ਸੀ। ਜਦੋਂ ਉਹ ਗਿੱਲ ਨਹਿਰ ਦੇ ਪੁਲ 'ਤੇ ਪਹੁੰਚੇ ਤਾਂ ਦਕਸ਼ ਦੇ ਗਲੇ 'ਚ ਚਾਈਨਾ ਡੋਰ ਫਸ ਗਈ ਅਤੇ ਉਸ ਦਾ ਗਲਾ ਵੱਢਿਆ ਗਿਆ।
Dakash giri
ਥਾਣਾ ਸਦਰ ਦੇ ਐਸਐਚਓ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਦਕਸ਼ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ। ਆਈਪੀਸੀ ਦੀ ਧਾਰਾ 304ਏ ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਚਾਈਨਾ ਡੋਰ 'ਤੇ ਪਾਬੰਦੀ ਹੈ, ਇਸ ਦੇ ਬਾਵਜੂਦ ਲੋਕ ਲੁਕ-ਛਿਪ ਕੇ ਚਾਈਨਾ ਡੋਰ ਦੀ ਵਰਤੋਂ ਕਰਦੇ ਹਨ।