
ਹਾਦਸੇ ਵਿਚ ਮਰਨ ਵਾਲੇ ਸਾਧੂ ਦੀ ਪਛਾਣ ਰਾਮ ਗਿਰੀ ਵਜੋਂ ਹੋਈ ਹੈ।
ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ 'ਚ ਨੈਸ਼ਨਲ ਹਾਈਵੇ 'ਤੇ ਸੜਕ ਹਾਦਸਾ ਵਾਪਰਿਆ ਹੈ। ਪ੍ਰਿਸਟੀਨ ਮਾਲ ਨੇੜੇ ਹੋਏ ਇਸ ਹਾਦਸੇ ਵਿਚ ਇੱਕ ਸਾਧੂ ਦੀ ਮੌਤ ਹੋ ਗਈ ਹੈ। ਤੇਜ਼ ਰਫ਼ਤਾਰ ਵਾਹਨ ਨੇ ਮਾਰੂਤੀ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਕਾਰ 3 ਵਾਰ ਘੁੰਮਦੀ ਹੋਈ ਡਿਵਾਈਡਰ ਨਾਲ ਟਕਰਾ ਗਈ। ਇਸ ਨਾਲ ਕਾਰ ਦੇ ਟੁਕੜੇ ਹੋ ਗਏ।
ਇਸ ਦੇ ਨਾਲ ਹੀ ਕਾਰ ਵਿਚ ਸਵਾਰ 5 ਸਾਧੂਆਂ ਵਿਚੋਂ ਇੱਕ ਦੀ ਮੌਤ ਹੋ ਗਈ। ਬਾਕੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਖੰਨਾ 'ਚ ਦਾਖਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਸਾਧੂ ਪਟਿਆਲਾ ਤੋਂ ਲੁਧਿਆਣਾ ਆ ਰਹੇ ਸਨ। ਹਾਦਸੇ ਵਿਚ ਮਰਨ ਵਾਲੇ ਸਾਧੂ ਦੀ ਪਛਾਣ ਰਾਮ ਗਿਰੀ ਵਜੋਂ ਹੋਈ ਹੈ। ਸੜਕ ਹਾਦਸੇ ਵਿਚ ਜ਼ਖ਼ਮੀ ਹੋਏ ਅਵਤਾਰ ਨਾਥ ਨੇ ਦੱਸਿਆ ਕਿ ਉਹ ਆਪਣੇ ਇੱਕ ਦੋਸਤ ਨੂੰ ਮਿਲਣ ਲਈ ਲੁਧਿਆਣਾ ਜਾ ਰਿਹਾ ਸੀ, ਪਰ ਜਦੋਂ ਉਹ ਖੰਨਾ
ਪਹੁੰਚਿਆ ਤਾਂ ਉਸ ਨੂੰ ਖ਼ੁਦ ਨਹੀਂ ਪਤਾ ਲੱਗਿਆ ਕਿ ਕਿਸ ਵਾਹਨ ਨੇ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਗੱਡੀ ਦੀ ਟੱਕਰ ਕਾਰਨ ਉਸ ਦੀ ਮਾਰੂਤੀ ਕਾਰ 3 ਵਾਰ ਪਲਟ ਗਈ। ਅਵਤਾਰ ਨੇ ਦੱਸਿਆ ਕਿ ਰਾਹਗੀਰਾਂ ਨੇ ਉਸ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ 'ਚ ਭਰਤੀ ਕਰਵਾਇਆ।
ਕਾਰ ਚਲਾ ਰਹੇ ਗੋਰਾ ਗਿਰੀ ਨੇ ਦੱਸਿਆ ਕਿ ਇਕ ਤੇਜ਼ ਰਫ਼ਤਾਰ ਵਾਹਨ ਨੇ ਕਾਰ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਜਿਸ ਦਾ ਉਸ ਨੂੰ ਪਤਾ ਹੀ ਨਹੀਂ ਲੱਗਾ। ਇਹ ਹਾਦਸਾ ਅੱਖ ਝਪਕਣ ਵਾਂਗ ਹੀ ਵਾਪਰਿਆ। ਉਸ ਨੂੰ ਕਾਰ 'ਚੋਂ ਬਾਹਰ ਕੱਢ ਕੇ ਹਸਪਤਾਲ ਲਿਆਂਦਾ ਗਿਆ। ਹਾਦਸੇ ਤੋਂ ਬਾਅਦ ਦੋਸ਼ੀ ਗੱਡੀ ਸਮੇਤ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਥਾਣਾ ਸਿਟੀ-2 ਦੇ ਏਐਸਆਈ ਜਰਨੈਲ ਸਿੰਘ ਕਰ ਰਹੇ ਹਨ।