ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਹੜ੍ਹ: ਰੂਪਨਗਰ ਜ਼ਿਲ੍ਹੇ ਦੇ 37 ਸਕੂਲਾਂ 'ਚ ਛੁੱਟੀਆਂ ਦਾ ਐਲਾਨ; ਬਚਾਅ ਕਾਰਜ ਜਾਰੀ
Published : Aug 17, 2023, 8:26 am IST
Updated : Aug 17, 2023, 8:26 am IST
SHARE ARTICLE
Punjab Floods
Punjab Floods

ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਅਸਰ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ 'ਤੇ ਵੀ ਦਿਖਾਈ ਦੇਣਾ ਸ਼ੁਰੂ



ਚੰਡੀਗੜ੍ਹ: ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ਨੇ ਫਲੱਡ ਗੇਟ ਅਗਲੇ ਚਾਰ ਦਿਨਾਂ ਲਈ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਹੈ ਤਾਂਕਿ ਪਾਣੀ ਦਾ ਪੱਧਰ ਘੱਟ ਹੋ ਸਕੇ। ਇਸ ਦੌਰਾਨ ਸਤਲੁਜ ਦਰਿਆ ਦੇ ਪਾਣੀ ਕਾਰਨ ਰੂਪਨਗਰ ਜ਼ਿਲ੍ਹੇ ਦੇ ਕਈ ਪਿੰਡ ਪ੍ਰਭਾਵਤ ਹੋਏ ਹਨ। ਦੂਜੇ ਪਾਸੇ ਪੌਂਗ ਡੈਮ ਤੋਂ ਛੱਡੇ ਜਾਣ ਵਾਲੇ ਪਾਣੀ ਦਾ ਅਸਰ ਹੁਸ਼ਿਆਰਪੁਰ, ਗੁਰਦਾਸਪੁਰ, ਕਪੂਰਥਲਾ ਤੋਂ ਬਾਅਦ ਅੰਮ੍ਰਿਤਸਰ, ਤਰਨਤਾਰਨ ਅਤੇ ਫਿਰੋਜ਼ਪੁਰ 'ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ।

ਰੂਪਨਗਰ ਦੇ ਪਿੰਡਾਂ ਵਿਚ ਵੀ ਬਚਾਅ ਕਾਰਜ ਜਾਰੀ

ਭਾਖੜਾ ਦਾ ਪਾਣੀ ਸਤਲੁਜ ਵਿਚ ਦਾਖਲ ਹੋਣ ਕਾਰਨ ਰੂਪਨਗਰ ਵਿਚ ਕਈ ਥਾਵਾਂ ’ਤੇ ਬੰਨ੍ਹ ਟੁੱਟ ਗਏ। ਪਿੰਡ ਬੁਰਜ ’ਚ ਬੰਨ੍ਹ ਟੁੱਟਣ ਮਗਰੋਂ ਸਥਿਤੀ ’ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ। ਮੰਤਰੀ ਹਰਜੋਤ ਬੈਂਸ ਨੇ ਦਸਿਆ ਕਿ ਬੰਨ੍ਹਾਂ ਨੂੰ ਮਜ਼ਬੂਤ ​​ਕਰਨ ਦਾ ਕੰਮ ਚੱਲ ਰਿਹਾ ਹੈ। ਮਿੱਟੀ ਦੀਆਂ ਇਕ ਲੱਖ ਬੋਰੀਆਂ ਭਰੀਆਂ ਗਈਆਂ ਹਨ। ਉਧਰ ਪਿੰਡ ਚੰਦਪੁਰ ਬੇਲੇ ਨੂੰ ਜਾਂਦੀ ਸੜਕ ਟੁੱਟਣ ਕਾਰਨ ਪਿੰਡ ਦਾ ਸੰਪਰਕ ਟੁੱਟ ਗਿਆ ਪਰ ਹੁਣ ਟੀਮ ਸਹਾਇਤਾ ਦੇਣ ਲਈ ਉਥੇ ਪਹੁੰਚ ਗਈ ਹੈ। ਮੰਤਰੀ ਬੈਂਸ ਨੇ ਦਸਿਆ ਕਿ ਲੋਕਾਂ ਤਕ ਜ਼ਰੂਰੀ ਵਸਤਾਂ ਪਹੁੰਚਾਈਆਂ ਜਾ ਰਹੀਆਂ ਹਨ। ਪਿੰਡ ਰਾਮਗੜ੍ਹ ਬੇਲਾ ਅਤੇ ਪੱਤੀ ਸ਼ੇਖ ਸਿੰਘ ਵਿਚ ਵੀ ਬਚਾਅ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਪੂਰੇ ਕੰਮ ਦੀ ਨਿਗਰਾਨੀ ਕਰ ਰਹੇ ਹਨ।

Photo

ਨੰਗਲ ਤੇ ਸ੍ਰੀ ਅਨੰਦਪੁਰ ਸਾਹਿਬ ਦੇ 37 ਸਕੂਲਾਂ ਵਿਚ 2 ਦਿਨ ਦੀ ਛੁੱਟੀ ਦਾ ਐਲਾਨ

ਜ਼ਿਲ੍ਹਾ ਰੋਪੜ ਦੇ ਹੜ੍ਹ ਪ੍ਰਭਾਵਤ ਖੇਤਰਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸਰਕਾਰੀ ਸਕੂਲ ਅਤੇ ਆਗਨਵਾੜੀ ਸੈਟਰ ਬੰਦ ਕਰ ਦਿਤੇ ਗਏ ਹਨ। ਇਸ ਵਿਚ ਨੰਗਲ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਇਲਾਕੇ ਦੇ ਸਕੂਲ ਅਤੇ ਵਿੱਦਿਅਕ ਸੰਸਥਾਵਾਂ ਆਉਂਦੀਆਂ ਹਨ। ਪ੍ਰਸ਼ਾਸਨ ਵਲੋਂ ਜਾਰੀ ਪੱਤਰ ਮੁਤਾਬਕ ਜ਼ਿਲ੍ਹੇ ਵਿਚ 37 ਵਿੱਦਿਅਕ ਸੰਸਥਾਵਾਂ 18 ਅਗਸਤ ਤਕ ਬੰਦ ਕਰ ਦਿਤੀਆ ਗਈਆਂ।

Photo

ਅੰਮ੍ਰਿਤਸਰ ਦੇ ਪਿੰਡ ਵੀ ਹੋਏ ਪ੍ਰਭਾਵਤ

ਪੌਂਗ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਅੰਮ੍ਰਿਤਸਰ ਦੇ ਪਿੰਡ ਸ਼ੇਰੋਬਾਗਾ ਦੇ ਘਰ ਪਾਣੀ ਦੀ ਲਪੇਟ ਵਿਚ ਆ ਗਏ। ਜਿਸ ਤੋਂ ਬਾਅਦ ਸ਼ਾਮ ਨੂੰ ਲੋਕਾਂ ਨੂੰ ਬਚਾਉਣ ਦਾ ਕੰਮ ਸ਼ੁਰੂ ਕੀਤਾ ਗਿਆ। ਐਨ.ਡੀ.ਆਰ.ਐਫ. ਦੀਆਂ ਟੀਮਾਂ ਨੇ ਇਸ ਦੌਰਾਨ ਮੋਰਚਾ ਸੰਭਾਲਿਆ ਹੈ ਅਤੇ 26 ਲੋਕਾਂ ਤੇ 30 ਪਾਲਤੂ ਜਾਨਵਰਾਂ ਨੂੰ ਬਚਾਇਆ ਗਿਆ। ਇਸ ਦੌਰਾਨ ਪਿੰਡ ਦੇ ਗੁਰੂ ਘਰ ਵਿਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਵੀ ਸਤਿਕਾਰ ਸਹਿਤ ਸੁਰੱਖਿਅਤ ਥਾਂ ’ਤੇ ਲਿਜਾਇਆ ਗਿਆ।

ਅੰਮ੍ਰਿਤਸਰ 'ਚ ਬਿਆਸ ਦਰਿਆ 744 ਗੇਜ ਦੇ ਖਤਰੇ ਦੇ ਨਿਸ਼ਾਨ ਨੂੰ ਛੂਹ ਗਿਆ ਹੈ, ਜਦਕਿ ਬਿਆਸ ਦਰਿਆ 'ਚ ਪਾਣੀ ਦਾ ਵਹਾਅ 1.40 ਲੱਖ ਕਿਊਸਿਕ ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਇਲਾਵਾ ਬਿਆਸ ਦਾ ਅਸਰ ਤਰਨਤਾਰਨ ਅਤੇ ਫਿਰੋਜ਼ਪੁਰ ਵਿਚ ਵੀ ਦਿਖਾਈ ਦੇਣ ਲੱਗਿਆ ਹੈ। ਤਰਨਤਾਰਨ ਦੇ ਪਿੰਡ ਧੂੰਦਾ ਵਿਚ ਧੁੱਸੀ ਬੰਨ੍ਹ ਵਿਚ ਪਾੜ ਪੈ ਗਿਆ ਹੈ। ਜਿਸ ਕਾਰਨ 15 ਹਜ਼ਾਰ ਏਕੜ ਜ਼ਮੀਨ ਪਾਣੀ ਵਿਚ ਡੁੱਬ ਗਈ ਹੈ।

Flood like situation in GurdaspurFlood like situation in Gurdaspur

ਹੜ੍ਹ ਦੀ ਲਪੇਟ ਵਿਚ ਗੁਰਦਾਸਪੁਰ ਦੇ 50 ਪਿੰਡ

ਪੌਂਗ ਡੈਮ ਤੋਂ ਵੱਡੀ ਮਾਤਰਾ ਵਿਚ ਪਾਣੀ ਛੱਡਣ ਤੋਂ ਬਾਅਦ ਬਿਆਸ ਦਰਿਆ ਨੇ ਜ਼ਿਲ੍ਹੇ ਦੇ ਕਰੀਬ 50 ਪਿੰਡ ਪ੍ਰਭਾਵਤ ਕੀਤੇ ਹਨ। ਹੜ੍ਹਾਂ ਕਾਰਨ ਦੀਨਾਨਗਰ, ਗੁਰਦਾਸਪੁਰ ਅਤੇ ਕਾਹਨੂੰਵਾਨ ਖੇਤਰਾਂ ਵਿਚ ਕਰੀਬ 50 ਪਿੰਡ ਪਾਣੀ ਵਿਚ ਡੁੱਬ ਗਏ ਹਨ। ਜਿਨ੍ਹਾਂ ਵਿਚੋਂ 12 ਦੇ ਕਰੀਬ ਪਿੰਡ ਖਾਸ ਕਰਕੇ ਹੜ੍ਹਾਂ ਦੀ ਮਾਰ ਝੱਲ ਰਹੇ ਹਨ। ਗੁਰਦਾਸਪੁਰ ਵਿਚ 15 ਕਿਸ਼ਤੀਆਂ ਨਾਲ ਟੀਮਾਂ ਨੇ 500 ਤੋਂ ਵੱਧ ਲੋਕਾਂ ਨੂੰ ਬਚਾਇਆ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਗੁਰਦਾਸਪੁਰ ਦਾ ਧੁੱਸੀ ਬੰਨ੍ਹ ਟੁੱਟ ਗਿਆ। ਜਿਸ ਕਾਰਨ ਜਗਤਪੁਰ ਟਾਂਡਾ ਅਤੇ ਭੈਣੀ ਪਸਵਾਲ ਇਲਾਕੇ ਪ੍ਰਭਾਵਤ ਹੋਏ। ਗੁਰਦਾਸਪੁਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਦਸਿਆ ਕਿ ਪੌਂਗ ਡੈਮ ਤੋਂ ਪਾਣੀ ਛੱਡਣ ਦਾ ਕੰਮ ਦੁਪਹਿਰ ਤਕ ਘਟਾ ਦਿਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਘਟਣ ਦੀ ਉਮੀਦ ਹੈ।

Punjab FloodsPunjab Floods

ਹੁਸ਼ਿਆਰਪੁਰ ਵਿਚ ਵੀ ਬਚਾਅ ਕਾਰਜ ਜਾਰੀ

ਹੁਸ਼ਿਆਰਪੁਰ ਦੇ ਡੀ.ਸੀ. ਕੋਮਲ ਮਿੱਤਲ ਵਾਰ-ਵਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਹਿ ਰਹੇ ਹਨ। ਮੁਕੇਰੀਆਂ ਦੇ ਪਿੰਡ ਮਹਿਤਾਬਪੁਰ ਤੋਂ ਇਲਾਵਾ ਹਲੇਰ, ਮੋਤਲਾ, ਬੇਲਾ ਸਰਿਆਣਾ, ਕੋਲੀਆਂ ਵਿਚ ਵੀ ਹੜ੍ਹਾਂ ਦੀ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਐਨ.ਡੀ.ਆਰ.ਐਫ. ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਲਗਾਤਾਰ ਖੇਤਰ 'ਚ ਹਨ ਅਤੇ ਜ਼ਰੂਰੀ ਸਮਾਨ ਨੂੰ ਹੜ੍ਹ ਪ੍ਰਭਾਵਤ ਇਲਾਕਿਆਂ 'ਚ ਪਹੁੰਚਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement