
ਪਿੰਡ ਦੇਹ ਕਲਾਂ ’ਚ ਪਿਛਲੇ 35 ਸਾਲਾਂ ਤੋਂ ਪਾਠੀ ਸਿੰਘ ਨਿਭਾਅ ਰਹੇ ਸਨ ਸੇਵਾ
Deh Kalan Pathi Singh news : ਸੰਗਰੂਰ ਜ਼ਿਲ੍ਹੇ ਦੇ ਪਿੰਡ ਦੇਹ ਕਲਾਂ ਵਾਸੀਆਂ ਵੱਲੋਂ ਇੱਕ ਮਿਸਾਲ ਕਾਇਮ ਕੀਤੀ ਗਈ ਹੈ। ਐਨ. ਆਰ. ਆਈ. ਭਰਾਵਾਂ ਵੱਲੋਂ ਇੱਕ ਪਾਠੀ ਨੂੰ ਘਰ ਬਣਾ ਕੇ ਉਨ੍ਹਾਂ ਨੂੰ ਰਿਟਾਇਰਮੈਂਟ ਦਾ ਤੋਹਫ ਦਿੱਤਾ ਗਿਆ ਹੈ। ਇਹ ਰਿਟਾਇਰਮੈਂਟ ਤੋਹਫਾ ਦੇਖ ਕੇ ਪਾਠੀ ਸਿੰਘ ਬਹੁਤ ਖੁਸ਼ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀ ਇਸ ਦਰਿਆਦਿਲੀ ਤੋਂ ਮੇਰਾ ਪੂਰਾ ਪਰਿਵਾਰ ਖੁਸ਼ ਹੈ ਅਤੇ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਪਿੰਡ ਵਾਸੀਆਂ ਵੱਲੋਂ ਜਿਸ ਜਗ੍ਹਾ ’ਤੇ ਇਹ ਘਰ ਬਣਾ ਕੇ ਦਿੱਤਾ ਗਿਆ, ਉਹ ਪਾਠੀ ਸਿੰਘ ਵੱਲੋਂ ਖੁਦ ਖਰੀਦੀ ਗਈ ਸੀ।
ਪਾਠੀ ਸਿੰਘ ਪਿੰਡ ਦੇਹ ਕਲਾਂ ਦੇ ਗੁਰੂ ਘਰ ਦੇ ਵਿੱਚ ਪਿਛਲੇ 35 ਸਾਲਾਂ ਤੋਂ ਲਗਾਤਾਰ ਸੇਵਾ ਕਰ ਰਿਹਾ ਸੀ। ਜਦੋਂ ਇਹ ਗੱਲ ਐਨ.ਆਰ.ਆਈ. ਭਰਾਵਾਂ ਤੱਕ ਪਹੁੰਚੀ ਕੀ ਪਾਠੀ ਸਿੰਘ ਨੂੰ ਘਰ ਬਣਾ ਕੇ ਦੇਣਾ ਹੈ, ਤਾਂ ਐਨ.ਆਰ.ਆਈ. ਭਰਾ ਅੱਗੇ ਆਏ ਅਤੇ ਉਨ੍ਹਾਂ ਪਿੰਡ ਵਾਸੀਆਂ ਨਾਲ ਸਲਾਹ-ਮਸ਼ਵਰਾ ਕਰਕੇ ਘਰ ਬਣਵਾ ਦਿੱਤਾ।
ਪਿੰਡ ਵਾਸੀਆਂ ਵੱਲੋਂ ਨਵੇਂ ਘਰ ਦੇ ਵਿੱਚ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਅਤੇ ਘਰ ਦੀਆਂ ਚਾਬੀਆਂ ਪਾਠੀ ਸਿੰਘ ਸੌਂਪੀਆਂ ਗਈਆਂ। ਪਿੰਡ ਵਾਸੀਆਂ ਦੀ ਇਸ ਪਹਿਲ ਕਦਮੀ ਦੀ ਇਲਾਕੇ ਭਰ ’ਚ ਚਰਚਾ ਹੋ ਰਹੀ ਅਤੇ ਹਰ ਕਿਸੇ ਵੱਲੋਂ ਇਸ ਕੰਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।