
ਡਾ. ਮਨਮੋਹਨ 'ਤੇ ਚਿਦਾਂਬਰਮ ਨਹੀਂ ਲੈਣਗੇ ਰਾਜ ਸਭਾ ਦੇ ਮੌਜੂਦਾ ਸੈਸ਼ਨ 'ਚ ਹਿੱਸਾ
ਨਵੀਂ ਦਿੱਲੀ, 16 ਸਤੰਬਰ : ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਡਾ. ਮਨਮੋਹਨ ਸਿੰਘ ਅਤੇ ਸਾਬਕਾ ਮੰਤਰੀ ਪੀ. ਚਿਦਾਂਬਰਮ ਸਿਹਤ ਸਬੰਧੀ ਕਾਰਨਾਂ ਕਰ ਕੇ ਮਾਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੀਆਂ ਬੈਠਕਾਂ 'ਚ ਹਿੱਸਾ ਨਹੀਂ ਲੈਣਗੇ। ਬੁਧਵਾਰ ਨੂੰ ਉਚ ਸਦਨ ਦੀ ਬੈਠਕ ਸ਼ੁਰੂ ਹੋਣ 'ਤੇ ਸਪੀਕਰ ਐਮ. ਵੈਂਕਈਆ ਨਾਇਡੂ ਨੇ ਇਸ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੁੱਝ ਮੈਂਬਰਾਂ ਦੀਆਂ ਚਿੱਠੀਆਂ ਮਿਲੀਆਂ ਹਨ। ਜਿਨ੍ਹਾਂ 'ਚ ਉਨ੍ਹਾਂ ਸਿਹਤ ਸਬੰਧੀ ਕਾਰਨਾਂ ਕਰ ਕੇ ਮੌਜੂਦਾ ਸੈਸ਼ਨ ਦੀ ਕਾਰਵਾਈ 'ਚ ਹਿੱਸਾ ਲੈਣ 'ਚ ਅਸਮਰਥਤਾ ਪ੍ਰਗਟਾਉਂਦੇ ਹੋਏ, ਸਦਨ ਤੋਂ ਇਸ ਦੀ ਮਨਜ਼ੂਰੀ ਮੰਗੀ ਹੈ।
ਨਾਇਡੂ ਨੇ ਦਸਿਆ ਕਿ ਉਨ੍ਹਾਂ ਨੂੰ ਮਨਮੋਹਨ ਸਿੰਘ, ਪੀ. ਚਿਦਾਂਬਰਮ, ਆਸਕਰ ਫ਼ਰਨਾਂਡੀਜ, ਹਿਸ਼ੇ ਲਾਚੁੰਗਪਾ, ਮਾਨਸ ਰੰਜਨ ਭੂਈਆਂ, ਅੰਬੁਮਣੀ ਰਾਮਦਾਸ, ਸੁਸ਼ੀਲ ਕੁਮਾਰ ਗੁਪਤਾ, ਕੈਪਟਨ ਵੀ ਲਕਸ਼ਮੀ ਕਾਂਤਾਰਾਵ, ਪਰਿਮਲ ਨਥਵਾਨੀ, ਮਹੇਂਦਰ ਪ੍ਰਸਾਦ, ਕੇ.ਜੇ. ਕੇਨਯੇ ਦੀਆਂ ਚਿੱਠੀਆਂ ਮਿਲੀਆਂ ਹਨ। ਇਨ੍ਹਾਂ ਮੈਂਬਰਾਂ ਨੇ ਪੂਰੇ ਸੈਸ਼ਨ ਦੌਰਾਨ ਕਾਰਵਾਈ 'ਚ ਹਿੱਸਾ ਲੈਣ 'ਚ ਅਸਮਰਥਤਾ ਜਤਾਈ ਹੈ। ਸਦਨ ਨੇ ਇਨ੍ਹਾਂ ਮੈਂਬਰਾਂ ਨੂੰ ਗ਼ੈਰ-ਹਾਜ਼ਰ ਰਹਿਣ ਦੀ ਮਨਜ਼ੂਰੀ ਦੇ ਦਿਤੀ। (ਏਜੰਸੀ)