
ਇਕ ਮਹੀਨੇ ਦੀ ਲੰਮੀ ਜੱਦੋ ਜਹਿਦ ਦੇ ਬਾਅਦ ਹੁਣ ਇਹ ਚਾਰੋਂ ਬੱਚੇ ਬਿਲਕੁਲ ਸਿਹਤਯਾਬ ਹਨ
ਗੁਰਦਾਸਪੁਰ (ਨੀਤਿਨ ਲੂਥਰਾ) - ਕਹਿੰਦੇ ਹਨ ਕਿ ਜਦੋਂ ਕੁਦਰਤ ਕਿਸੇ 'ਤੇ ਮਿਹਰਬਾਨ ਹੁੰਦੀ ਹੈ ਤਾਂ ਉਸ ਨੂੰ ਮਾਲਾ ਮਾਲ ਕਰ ਦਿੰਦੀ ਹੈ ਤੇ ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ ਵਿਚ ਵੇਖਣ ਨੂੰ ਮਿਲਿਆ ਹੈ ਜਿੱਥੇ ਇਕ ਮਹਿਲਾ ਨੇ ਇਕ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ ਅਤੇ ਇਹ ਚਾਰੋਂ ਬੱਚੇ ਲੜਕੇ ਹਨ। ਇਕ ਮਹੀਨੇ ਚੱਲੇ ਇਲਾਜ ਉਪਰੰਤ ਸਿਹਤਯਾਬ ਹੋਏ ਇਨ੍ਹਾਂ ਬੱਚਿਆਂ ਨੂੰ ਅੱਜ ਡਾ. ਗੁਰਖੇਲ ਸਿੰਘ ਕਲਸੀ ਹਸਪਤਾਲ ਗੁਰਦਾਸਪੁਰ ਤੋਂ ਘਰ ਭੇਜ ਦਿੱਤਾ ਗਿਆ ਹੈ। ਬੱਚਿਆਂ ਦੇ ਮਾਤਾ ਪਿਤਾ ਵੱਲੋਂ ਡਾਕਟਰਾਂ ਦੀ ਟੀਮ ਅਤੇ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਹੈ।
Four Baby Boy
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲਸੀ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਡਾ ਗੁਰਖੇਲ ਸਿੰਘ ਕਲਸੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਥਰੀਏਵਾਲ ਦੀ ਇੱਕ ਮਹਿਲਾ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਉਕਤ ਮਾਂ ਅਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਇਕ ਮਹੀਨੇ ਦੀ ਲੰਮੀ ਜੱਦੋ ਜਹਿਦ ਦੇ ਬਾਅਦ ਹੁਣ ਇਹ ਚਾਰੋਂ ਬੱਚੇ ਬਿਲਕੁਲ ਸਿਹਤਯਾਬ ਹਨ। ਡਾ ਕਲਸੀ ਨੇ ਦੱਸਿਆ ਕਿ 15 ਅਗਸਤ ਨੂੰ ਇਨ੍ਹਾਂ ਚਾਰਾਂ ਬੱਚਿਆਂ ਨੂੰ ਉਨ੍ਹਾਂ ਦੇ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਸੀ
Prabjot Kaur
ਇਨ੍ਹਾਂ ਬੱਚਿਆਂ ਦਾ ਜਨਮ 9 ਮਹੀਨਿਆਂ ਦੇ ਗਰਭ ਦੀ ਬਜਾਏ 7 ਮਹੀਨੇ ਵਿਚ ਹੀ ਹੋ ਗਿਆ ਸੀ ਜਿਸ ਕਾਰਨ ਬੱਚਿਆਂ ਦਾ ਭਾਰ 700 ਗਰਾਮ ਤੋਂ 1100 ਗ੍ਰਾਮ ਤੱਕ ਸੀ। ਬੱਚਿਆਂ ਦੀ ਸਿਹਤ ਕਾਫ਼ੀ ਕਮਜ਼ੋਰ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿਸ ਦੌਰਾਨ ਬੱਚਿਆਂ ਨੂੰ ਕਾਫ਼ੀ ਸਮਾਂ ਸਾਹ ਵਾਲੀ ਮਸ਼ੀਨ ਤੇ ਵੀ ਰੱਖਣਾ ਪਿਆ ਅਤੇ ਉਨ੍ਹਾਂ ਨੂੰ ਖੂਨ ਵੀ ਚੜਾਉਣਾ ਪਿਆ।
ਉਨ੍ਹਾਂ ਕਿਹਾ ਕਿ ਹਸਪਤਾਲ ਵਿਚ ਬੱਚਿਆਂ ਦੀ ਸਿਹਤਯਾਬੀ ਲਈ ਕਰੀਬ ਇੱਕ ਮਹੀਨੇ ਦੇ ਇਲਾਜ ਉਪਰੰਤ ਹੁਣ ਇਹ ਚਾਰੇ ਬੱਚੇ ਠੀਕ ਹੋਏ ਹਨ ਜਿਨ੍ਹਾਂ ਦੇ ਸਰੀਰ ਦੇ ਸਾਰੇ ਅੰਗ ਅਤੇ ਭਾਰ ਆਦਿ ਠੀਕ ਤਰ੍ਹਾਂ ਨਾਲ ਵਿਕਸਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਬੱਚਿਆਂ ਨੂੰ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਨੇ ਡਾ ਗੁਰਖੇਲ ਸਿੰਘ ਕਲਸੀ ਦੀ ਟੀਮ ਅਤੇ ਪ੍ਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।