 
          	ਆਮ ਆਦਮੀ ਪਾਰਟੀ ਨੇ ਅੰਦੋਲਨ ਵਿੱਚ ਸ਼ਹੀਦ ਹੋਏ ਕਿਸਾਨਾਂ ਲਈ ਪੰਜਾਬ ’ਚ ਕੱਢਿਆ ਮੋਮਬੱਤੀ ਮਾਰਚ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਚੱਲਦੇ ਅੰਦੋਲਨ ਵਿੱਚ ਸ਼ਹੀਦ ਹੋਏ 650 ਤੋਂ ਜ਼ਿਆਦਾ ਕਿਸਾਨਾਂ ਨੂੰ ਪੰਜਾਬ ਭਰ ਵਿੱਚ ਮੋਮਬੱਤੀ ਮਾਰਚ ਕੱਢ ਕੇ ਸ਼ਰਧਾਂਜਲੀ ਭੇਂਟ ਕੀਤੀ। ਸ਼ੁੱਕਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਸੂਚਨਾ ਵਿੱਚ ਪਾਰਟੀ ਦੇ ਬੁਲਾਰੇ, ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਆਪ ਦੇ ਵਿਧਾਇਕਾਂ, ਲੋਕ ਸਭਾ ਇੰਚਾਰਜਾਂ, ਜ਼ਿਲ੍ਹਾ ਪ੍ਰਧਾਨਾਂ, ਅਹੁਦੇਦਾਰਾਂ ਅਤੇ ਵਰਕਰਾਂ ਨੇ 17 ਸਤੰਬਰ ਨੂੰ ਕਾਲੇ ਦਿਨ ਵਜੋਂ ਮਨਾਇਆ।
 Farmers Protest
Farmers Protest
ਮਾਨਸਾ ਬਠਿੰਡਾ, ਸੰਗਰੂਰ, ਬਰਨਾਲਾ, ਪਠਾਨਕੋਟ, ਫ਼ਿਰੋਜ਼ਪੁਰ, ਫ਼ਰੀਦਕੋਟ, ਜਲੰਧਰ, ਅੰਮ੍ਰਿਤਸਰ, ਹੁਸ਼ਿਆਰਪੁਰ ਸਮੇਤ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਕਾਲੀਆਂ ਪੱਟੀਆਂ ਬੰਨ ਕੇ ਮੋਮਬੱਤੀ ਮਾਰਚ ਕੱਢੇ ਗਏ। ‘ਆਪ’ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਮੋਮਬੱਤੀ ਮਾਰਚ ਕੱਢਣ ਦੇ ਨਾਲ ਪੰਜਾਬ ਦੇ ਉਨ੍ਹਾਂ ਪਰਿਵਾਰਾਂ ਨੂੰ ਕਾਲੇ ਖੇਤੀ ਕਾਨੂੰਨ ਰੱਦ ਕਰਾਉਣ ਦਾ ਭਰੋਸਾ ਦਿਵਾਇਆ, ਜਿਨ੍ਹਾਂ ਨੇ ਕਿਸਾਨ ਅੰਦੋਲਨ ਦੌਰਾਨ ਆਪਣੇ ਪਰਿਵਾਰ ਮੈਂਬਰਾਂ ਨੂੰ ਖੋ ਦਿੱਤਾ ਹੈ।
 Sukhbir Badal
Sukhbir Badal
ਸੰਧਵਾਂ ਨੇ ਕਿਹਾ ਕਿ ਸਾਲ 2020 ਵਿੱਚ 17 ਸਤੰਬਰ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਬਾਰੇ ਬਿੱਲ ਲੋਕ ਸਭਾ ਵਿੱਚ ਪਾਸ ਕੀਤੇ ਜਾਣ ਕਾਰਨ ਇਸ ਦਿਨ ਨੂੰ ਕਾਲੀਆਂ ਪੱਟੀਆਂ ਬੰਨ ਕੇ ਕਾਲੇ ਦਿਨ ਦੇ ਰੂਪ ਵਜੋਂ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿਸਾਨ ਆਗੂਆਂ ਨਾਲ ਆਪ ਹਰ ਮੋਰਚੇ ’ਤੇ ਡੱਟ ਕੇ ਖੜੀ ਹੈ। ਸੰਧਵਾਂ ਨੇ ਅਦਾਲੀ ਦਲ ਬਾਦਲ ਵੱਲੋਂ ਦਿੱਲੀ ਵਿੱਚ ਮਨਾਏ ਗਏ ਕਾਲੇ ਦਿਨ ਨੂੰ ਇੱਕ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਚੰਗਾ ਹੁੰਦਾ ਬਾਦਲ ਐਂਡ ਕੰਪਨੀ ਪੰਜਾਬ ਦੇ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਆਪਣੇ ਮੂੰਹਾਂ ’ਤੇ ਪਸ਼ਚਾਤਾਪ ਦੀ ਕਾਲਖ਼ ਮਲ ਕੇ ਕਾਲਾ ਦਿਨ ਮਨਾਉਂਦੀ।
 Harsimrat Kaur Badal
Harsimrat Kaur Badal
ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਨੇ ਕਾਲੇ ਖੇਤੀ ਕਾਨੂੰਨ ਬਣਾਉਣ ਵਿੱਚ ਪੂਰਾ ਯੋਗਦਾਨ ਪਾਇਆ ਹੈ। ਜੇ ਹਰਸਿਮਰਤ ਕੌਰ ਬਾਦਲ ਆਰਡੀਨੈਂਸ ’ਤੇ ਬਤੌਰ ਕੇਂਦਰੀ ਮੰਤਰੀ ਦਸਤਖ਼ਤ ਨਾ ਕਰਦੀ ਤਾਂ ਕਿਸਾਨਾਂ ਲਈ ਇਹ ਕਾਲਾ ਦਿਨ ਕਦੇ ਨਹੀਂ ਆਉਂਦਾ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਕਾਲੇ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦੇ ਕਿਸਾਨਾਂ ਸਮੇਤ ਪੰਜਾਬ ਦੇ ਹਰ ਘਰ ਘਰ ਵਿੱਚ ਰੋਸ ਪਾਇਆ ਜਾ ਰਿਹਾ ਹੈ। ਇਨਾਂ ਦੇ ਵਿਰੋਧ ਵਿੱਚ ਇੱਕ ਸਾਲ ਤੋਂ ਦੇਸ਼ ਭਰ ’ਚ ਧਰਨੇ ਉਤੇ ਬੈਠੇ ਕਿਸਾਨ ਕੁਰਬਾਨੀਆਂ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਜ਼ੂਦਾ ਕੈਪਟਨ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨਾਲ ਧੋਖ਼ਾ ਕੀਤਾ ਹੈ।
 Kultar Singh Sandhwan
Kultar Singh Sandhwan
ਇਸੇ ਕਾਰਨ ਕੇਂਦਰ ਦੀ ਮੋਦੀ ਸਰਕਾਰ ਨੇ ਤਿੰਨੇ ਕਾਲੇ ਖੇਤੀ ਕਾਨੂੰਨ ਬਣਾ ਕੇ ਖੇਤੀ, ਕਿਸਾਨ ਅਤੇ ਖੇਤੀ ’ਤੇ ਨਿਰਭਰ ਹੋਰਨਾਂ ਵਰਗਾਂ ਦੀ ਆਰਥਿਕ ਬਰਬਾਦੀ ਦੀ ਇਬਾਰਤ ਲਿਖੀ ਹੈ ਅਤੇ ਇਨਾਂ ਨੂੰ ਦੇਸ਼ ਵਿੱਚ ਥੋਪ ਦਿੱਤਾ। ਸੰਧਵਾਂ ਅਨੁਸਾਰ ਕਿਸਾਨੀ ਅਤੇ ਨਿਰਭਰ ਵਰਗਾਂ ਦੀ ਬਰਬਾਦੀ ਲਈ ਨਰਿੰਦਰ ਮੋਦੀ ਸਮੇਤ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਬਰਾਬਰ ਦੇ ਕਸੂਰਵਾਰ ਹਨ।
 PM MODI
PM MODI
ਕੁਲਤਾਰ ਸਿੰਘ ਸੰਧਵਾਂ ਨੇ ਮੰਗ ਕੀਤੀ ਕਿ ਅੰਦੋਲਨ ਵਿੱਚ ਸ਼ਹੀਦ ਹੋਣ ਵਾਲੇ ਹਰੇਕ ਕਿਸਾਨ -ਮਜ਼ਦੂਰ ਦੇ ਪਰਿਵਾਰ ਨੂੰ ਇੱਕ- ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਨ੍ਹਾਂ ਦਾ ਸਾਰਾ ਕਰਜ਼ ਮੁਆਫ਼ ਕੀਤਾ ਜਾਵੇ। ਉਨ੍ਹਾਂ ਪੰਜਾਬ ਸਰਕਾਰ ਵੱਲੋਂ 200-250 ਕਿਸਾਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਐਲਾਨ ਨਾਲ ਅਸਿਹਮਤੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਗਿਣਤੀ ਬਹੁਤ ਘੱਟ ਹੈ। ਸੰਧਵਾਂ ਨੇ ਕਿਹਾ ਕਿ ਸਰਕਾਰ ਨੂੰ ਕਿਸਾਨ ਆਗੂਆਂ ਕੋਲੋਂ ਸਹੀ ਅੰਕੜਾ ਲੈਣਾ ਚਾਹੀਦਾ ਹੈ, ਤਾਂ ਜੋ ਸਾਰੇ 650 ਕਿਸਾਨਾਂ ਦੇ ਪਰਿਵਾਰਾਂ ਨੂੰ ਇਸ ਨੀਤੀ ਤਹਿਤ ਲਾਭ ਮਿਲ ਸਕੇ।
 
                     
                
 
	                     
	                     
	                     
	                     
     
     
                     
                     
                     
                     
                    