
ਇੰਗਲੈਡ ਦੌਰੇ ਦੌਰਾਨ ਸੋਸ਼ਲ ਮੀਡੀਆ ’ਤੇ ਸਿੱਖ ਵਿਰੋਧੀ, ‘ਜਥੇਦਾਰ’ ਦੇ ਅਕਸ ਨੂੰ ਢਾਹ ਲਾਉਣ ਦਾ ਕਰ ਰਹੇ ਹਨ ਯਤਨ
ਅੰਮ੍ਰਿਤਸਰ, ਚੰਡੀਗੜ੍ਹ, 16 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ, ਨਰਿੰਦਰ ਸਿੰਘ ਝਾਂਮਪੁਰ): ਬੀਤੇ ਦਿਨੀਂ ਜਥੇਦਾਰ ਗਿ. ਹਰਪ੍ਰੀਤ ਸਿੰਘ 9 ਸਤੰਬਰ ਤੋਂ 15 ਸਤੰਬਰ ਤਕ ਇੰਗਲੈਂਡ ਦੌਰੇ ’ਤੇ ਸਨ, ਜਿਥੇ ਉਨ੍ਹਾਂ ਨੇ ਗੁਰੂ ਨਾਨਕ ਗੁਰਦਵਾਰਾ, ਵੈਡਨਸਫ਼ੀਲਡ, ਵੋਲਵਰਹੈਮਪਟਨ, ਇੰਗਲੈਂਡ ਦੇ ਟਰੱਸਟੀ ਸਾਹਿਬਾਨ ਅਤੇ ਸੰਗਤਾਂ ਵਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕਰਵਾਏ ਗਏ ਸਮਾਗਮਾਂ ਲਈ ਸਦਾ ਪੱਤਰ ਭੇਜਿਆ ਗਿਆ ਸੀ।
ਇਸ ਗੁਰਮਤਿ ਸਮਾਗਮ ਵਿਚ ਇੰਗਲੈਂਡ ਦੇ ਲੋਕਲ ਕੌਂਸਲਰ, ਪਾਰਲੀਮੈਂਟ ਮੈਂਬਰ ਅਤੇ ਬਹੁਤ ਸਾਰੇ ਬਿ੍ਰਟਿਸ਼ ਫ਼ੌਜੀ ਅਧਿਕਾਰੀ ਸ਼ਾਮਲ ਹੋਏ, ਜਿਨ੍ਹਾਂ ਨੇ ਇਸ ਸਮਾਗਮ ਸਮੇਂ ਅਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਇਲਾਵਾ ‘ਜਥੇਦਾਰ’ ਨੇ ਇੰਗਲੈਂਡ ਦੀ ਫ਼ੌਜ ਵਿਚ ਭਰਤੀ ਹੋਏ ਸਿੱਖ ਨੌਜਵਾਨ (ਲੜਕੇ-ਲੜਕੀਆਂ) ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਵਿਚਾਰ ਸੁਣੇ ਤੇ ਵਿਚਾਰਾਂ ਕੀਤੀਆਂ।
ਉਨ੍ਹਾਂ ਕਿਹਾ ਕਿ ਇੰਗਲੈਂਡ ਦਾ ਦੌਰਾ ਪਹਿਲਾਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੀ ਸੀ ਅਤੇ ਕੋਵਿਡ-19 ਦੀਆਂ ਸਾਰੀਆਂ ਸ਼ਰਤਾਂ ਦੋਵੇਂ ਭਾਰਤ ਅਤੇ ਇੰਗਲੈਂਡ ਦੀਆਂ ਦਾ ਇੰਨ-ਬਿੰਨ ਪਾਲਣ ਕੀਤਾ ਗਿਆ ਸੀ। ਕੋਵਿਡ-19 ਦੇ ਨਿਯਮਾਂ ਦੀ ਅਣਦੇਖੀ ਦਾ ਜੋ ਝੂਠਾ ਪੱਤਰ ਸ਼ਰਾਰਤੀ ਅਨਸਰਾਂ ਵਲੋਂ ਸੋਸ਼ਲ ਮੀਡੀਆ ’ਤੇ ਪਾਇਆ ਗਿਆ ਸੀ, ਉਹ ਪੱਤਰ ਯੂ.ਕੇ ਸਰਕਾਰ ਵਲੋਂ ਨਹੀਂ ਕਢਿਆ ਗਿਆ। ਇਹ ਘਿਨੋਣਾ ਕਾਰਜ ਸਿੱਖ ਵਿਰੋਧੀ ਸ਼ਕਤੀਆਂ ਵਲੋਂ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਗਿ. ਹਰਪ੍ਰੀਤ ਸਿੰਘ ਦੇ ਮਾਣ ਅਤੇ ਸਤਿਕਾਰ ਨੂੰ ਘਟਾਉਣ ਦਾ ਇਕ ਕੋਝਾ ਯਤਨ ਹੈ ਜਿਸ ਦੀ ਭਰਪੂਰ ਨਿਖੇਧੀ ਕੀਤੀ ਜਾਂਦੀ ਹੈ। ਯੂ.ਕੇ ਦੇ ਸਿੱਖ ਪ੍ਰਤੀਨਿਧਾਂ ਵਲੋਂ ਇਸ ਸਬੰਧੀ ਸਰਕਾਰੀ ਪੜਤਾਲ ਕਰਵਾਈ ਜਾ ਰਹੀ ਹੈ।