
ਕੁੱਝ ਕਾਂਗਰਸੀ ਵਿਧਾਇਕਾਂ ਵਲੋਂ ਸੋਨੀਆ ਗਾਂਧੀ ਨੂੰ ਲਿਖੀ ਚਿੱਠੀ ਗੱਪ ਨਿਕਲੀ?
ਸੁਖਜਿੰਦਰ ਸਿੰਘ ਰੰਧਾਵਾ ਅਜਿਹੀਆਂ ਗੱਪਾਂ ਫੈਲਾਉਣ ਵਾਲੇ ਪੱਤਰਕਾਰਾਂ ਉਤੇ ਵਰ੍ਹੇ!
ਚੰਡੀਗੜ੍ਹ, 16 ਸਤੰਬਰ (ਗੁਰਉਪਦੇਸ਼ ਭੁੱਲਰ): ਅੱਜ ਦੇ ਅਖ਼ਬਾਰਾਂ ਵਿਚ ਇਹ ਖ਼ਬਰ ਮੁੱਖ ਖ਼ਬਰ ਵਜੋਂ ਦਿਤੀ ਗਈ ਸੀ (ਸਪੋਕਸਮੈਨ ਨੇ ਨਹੀਂ) ਕਿ 40 ਅਸੈਂਬਲੀ ਮੈਂਬਰਾਂ ਨੇ ਸੋਨੀਆ ਗਾਂਧੀ ਨੂੰ ਲਿਖ ਕੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਵਿਚ ਕਾਂਗਰਸੀ ਮੈਂਬਰਾਂ ਦੀ ਮੀਟਿੰਗ ਬੁਲਾ ਕੇ ਉਨ੍ਹਾਂ ਤੋਂ ਪੁਛਿਆ ਜਾਵੇ ਕਿ ਉਹ ਕੈਪਟਨ ਸਾਹਿਬ ਦੇ ਨਾਲ ਹਨ ਜਾਂ ਨਹੀਂ |
ਪਰ ਸ. ਸੁਖਜਿੰਦਰ ਸਿੰਘ ਰੰਧਾਵਾ (ਬਾਗ਼ੀ ਧੜਾ) ਨੇ ਅੱਜ ਸਖ਼ਤ ਸ਼ਬਦਾਂ ਵਿਚ ਇਸ ਗੱਪ ਨੂੰ ਝੂਠ ਦਾ ਪੁਲੰਦਾ ਦਸਿਆ ਤੇ ਕਿਹਾ ਕਿ ਲੋਕ ਰਾਜ ਦਾ ਚੌਥਾ ਥੰਮ, ਲੋਕ ਰਾਜ ਦਾ ਮੂੰਹ ਮੁਹਾਂਦਰਾ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਬੜੀ ਅਫ਼ਸੋਸ ਵਾਲੀ ਗੱਲ ਹੈ | ਬਿਨਾਂ ਕਿਸੇ ਕਾਰਨ, ਗੱਪਾਂ ਉਡਾਣੀਆਂ ਲੋਕ-ਰਾਜ ਲਈ ਘਾਤਕ ਸਾਬਤ ਹੋਣਗੀਆਂ | ਜਦ ਕੁੱਝ ਪੱਤਰਕਾਰ ਅੜ ਗਏ ਕਿ ਖੁਲ੍ਹ ਕੇ ਆਖੋ, ਚਿੱਠੀ ਲਿਖੀ ਹੈ ਜਾਂ ਨਹੀਂ ਤਾਂ ਸ. ਰੰਧਾਵਾ ਗੁੱਸਾ ਖਾ ਗਏ ਤੇ ਬੋਲੇ ਜੇ ਅਜੇ ਵੀ ਕਿਸੇ ਨੂੰ ਜਵਾਬ ਸਮਝ ਨਹੀਂ ਆ ਰਿਹਾ ਤਾਂ ਰੱਬ ਉਸ ਦਾ ਭਲਾ ਕਰੇ |