
Moga News : ਜਾਅਲੀ ਤਨਖਾਹ ਸਲਿੱਪਾਂ ਦੇ ਆਧਾਰ 'ਤੇ ਸਟੇਟ ਬੈਂਕ ਤੋਂ ਲਿਆ 9 ਲੱਖ ਦਾ ਕਰਜ਼ਾ, ਪਤੀ-ਪਤਨੀ ਖ਼ਿਲਾਫ਼ ਕੇਸ ਦਰਜ
Moga News : ਜ਼ਿਲ੍ਹੇ ਦੀ ਧਰਮਕੋਟ ਸਬ ਡਿਵੀਜ਼ਨ ਅਧੀਨ ਸਰਕਾਰੀ ਹਾਈ ਸਕੂਲ, ਬੱਡੂਵਾਲ ਦੇ ਮੁੱਖ ਅਧਿਆਪਕ ਨੇ ਆਪਣੀ ਘਰੇਲੂ ਪਤਨੀ ਨੂੰ ਇਸੇ ਸਕੂਲ ਵਿਚ ਸਰਕਾਰੀ ਕੰਪਿਊਟਰ ਅਧਿਆਪਕ ਦਰਸਾ ਕੇ ਆਪਣੇ ਕਥਿਤ ਦਸਤਖਤਾਂ ਹੇਠ ਉਸ ਦਾ ਤਨਖਾਹ ਸਰਟੀਫ਼ਿਕੇਟ ਤਿਆਰ ਕਰਕੇ ਸਟੇਟ ਬੈਂਕ ਆਫ਼ ਇੰਡੀਆ ਦੀ ਖੇਤੀਬਾੜੀ ਸ਼ਾਖਾ ਤੋਂ 9 ਲੱਖ ਰੁਪਏ ਦਾ ਨਿੱਜੀ ਕਰਜ਼ਾ ਲੈ ਲਿਆ।
ਥਾਣਾ ਧਰਮਕੋਟ ਮੁਖੀ ਇੰਸਪੈਕਟਰ ਇਕਬਾਲ ਹੁਸੈਨ ਨੇ ਦੱਸਿਆ ਕਿ ਮੋਗਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਖੇਤੀਬਾੜੀ ਸ਼ਾਖਾ ਪ੍ਰਬੰਧਕ ਦੀ ਸ਼ਿਕਾਇਤ ਉੱਤੇ ਸਰਕਾਰੀ ਹਾਈ ਸਕੂਲ, ਬੱਡੂਵਾਲ ਦੇ ਮੁੱਖ ਅਧਿਆਪਕ ਕਿਰਪਾਲ ਸਿੰਘ, ਉਸ ਦੀ ਪਤਨੀ ਮਨਪ੍ਰੀਤ ਕੌਰ, ਪਿੰਡ ਕੜਿਆਲ ਖ਼ਿਲਾਫ਼ ਜਾਅਲਸਾਜ਼ੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਮੁਤਾਬਕ 16 ਮਾਰਚ 2022 ਨੂੰ ਮੋਗਾ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੀ ਖੇਤੀਬਾੜੀ ਸ਼ਾਖਾ ਵਿਚੋਂ ਮੁਲਜ਼ਮ ਮਨਪ੍ਰੀਤ ਕੌਰ ਨੇ 9,08,700 ਰੁਪਏ ਨਿੱਜੀ ਕਰਜ਼ਾ ਲਿਆ ਸੀ। ਉਸ ਨੇ ਬੈਂਕ ਵਿਚ ਸਰਕਾਰੀ ਹਾਈ ਸਕੂਲ, ਬੱਡੂਵਾਲ ਵਿਖੇ ਬਤੌਰ ਕੰਪਿਊਟਰ ਫੈਕਲਟੀ ਅਧਿਆਪਕ ਵਜੋਂ 40 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਸਲਿੱਪਾਂ ਦਿੱਤੀਆਂ ਸਨ। ਇਸ ਸਕੂਲ ਵਿਚ ਮੁਲਜ਼ਮ ਮਨਪ੍ਰੀਤ ਕੌਰ ਦਾ ਪਤੀ ਕਿਰਪਾਲ ਸਿੰਘ ਮੁੱਖ ਅਧਿਆਪਕ ਸੀ।
ਸਰਕਾਰੀ ਤਨਖਾਹ ਸਲਿੱਪਾਂ ਤੇ ਹੋਰ ਸਰਟੀਫ਼ਿਕੇਟ ਮੁਲਜ਼ਮ ਮਹਿਲਾ ਦੇ ਪਤੀ ਕਿਰਪਾਲ ਸਿੰਘ ਵੱਲੋਂ ਕਥਿਤ ਤੌਰ 'ਤੇ ਤਸਦੀਕ ਕੀਤੇ ਗਏ ਸਨ। ਬੈਂਕ ਨੇ 72 . ਕਰਜ਼ਾ ਕਿਸ਼ਤਾਂ 17 ਹਜ਼ਾਰ 231 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਕਿਸ਼ਤ ਬੰਨ੍ਹੀ ਸੀ, ਜਿਸ ਵਿਚੋਂ ਮੁਲਜ਼ਮ ਨੇ ਕਰੀਬ ਇੱਕ ਸਾਲ 12 ਕਿਸ਼ਤਾਂ ਬੈਂਕ ਵਿਚ ਜਮ੍ਹਾਂ ਵੀ ਕਰਵਾ ਦਿੱਤੀਆਂ ਸਨ।
ਇਸ ਦੌਰਾਨ ਸਟੇਟ ਬੈਂਕ ਆਫ਼ ਇੰਡੀਆ ਦੀ ਜ਼ੋਨਲ ਦਫ਼ਤਰ ਬਠਿੰਡਾ ਦੀ ਆਡਿਟ ਟੀਮ ਨੇ ਇਸ ਕਰਜ਼ਾ ਕੇਸ ਦੇ ਦਸਤਾਵੇਜ਼ਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਦਸਤਾਵੇਜ਼ਾਂ ਉੱਤੇ ਸ਼ੱਕ ਹੋਇਆ ਤਾਂ ਮੁਲਜ਼ਮਾਂ ਨੇ ਬੈਂਕ ਦਾ ਸਾਰਾ ਕਰਜ਼ਾ ਯਕਮੁਸ਼ਤ ਅਦਾ ਵੀ ਕਰ ਦਿੱਤਾ।
ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਪੱਤਰ ਰਾਹੀਂ ਪੁਸ਼ਟੀ ਹੋਈ ਹੈ ਕਿ ਮਨਪ੍ਰੀਤ ਕੌਰ ਕਦੇ ਵੀ ਇਸ ਸਕੂਲ ਵਿਚ ਤਾਇਨਾਤ ਨਹੀਂ ਰਹੀ। ਬੈਂਕ ਨੇ ਇਸ ਨੂੰ ਗੰਭੀਰ ਅਪਰਾਧ ਦੱਸਦੇ ਹੋਏ ਮੁਲਜ਼ਮਾਂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਨ ਦੀ ਸ਼ਿਕਾਇਤ ਦਿੱਤੀ। ਇਸ ਮਾਮਲੇ ਦੀ ਮੁੱਢਲੀ ਪੜਤਾਲ ਆਰਥਿਕ ਅਪਰਾਧ ਸ਼ਾਖਾ ਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
(For more news apart from Headmaster showed his wife to school for loan as teacher in Moga News in Punjabi, stay tuned to Rozana Spokesman)