ਆਰੋਪੀ ਦੇ ਪਿਤਾ ਨੇ ਆਪਣੇ ਲੜਕੇ ਨੂੰ ਸਮਝਾਉਣ ਦੀ ਬਜਾਏ ਲੜਕੀ ਨਾਲ ਕੀਤੀ ਕੁੱਟਮਾਰ
Jalandhar News : ਜਲੰਧਰ 'ਚ ਇਕ ਨੌਜਵਾਨ ਵੱਲੋਂ 20 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕੀਤਾ। ਜਦੋਂ ਪੀੜਤ ਲੜਕੀ ਪੂਰੇ ਮਾਮਲੇ ਦੀ ਸ਼ਿਕਾਇਤ ਲੈ ਕੇ ਆਰੋਪੀ ਨੌਜਵਾਨ ਦੇ ਘਰ ਗਈ ਤਾਂ ਆਰੋਪੀ ਦੇ ਪਿਤਾ ਨੇ ਆਪਣੇ ਲੜਕੇ ਨੂੰ ਸਮਝਾਉਣ ਦੀ ਬਜਾਏ ਲੜਕੀ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ।
ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਕੁਨਾਲ ਸਿੱਧੂ, ਉਸ ਦੇ ਪਿਤਾ ਯੋਗਰਾਜ ਸਿੱਧੂ ਅਤੇ ਬਖਸ਼ੋ ਸਿੱਧੂ ਵਾਸੀ ਜਲੰਧਰ ਖ਼ਿਲਾਫ਼ ਬਲਾਤਕਾਰ, ਆਈਟੀ ਐਕਟ ਅਤੇ ਕੁੱਟਮਾਰ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਅਜੇ ਬਾਕੀ ਹੈ। ਪੁਲਸ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ 'ਤੇ ਲੈ ਲਵੇਗੀ।
ਲੜਕੀ ਨੇ ਕਿਹਾ-ਜਬਰਦਸਤੀ ਸਰੀਰਕ ਸਬੰਧ ਬਣਾਏ
ਥਾਣਾ ਰਾਮਾਮੰਡੀ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਪੀੜਤ ਲੜਕੀ ਨੇ ਦੱਸਿਆ ਕਿ ਆਰੋਪੀ ਕੁਨਾਲ ਨੇ ਸਾਲ 2021 'ਚ ਉਸ ਨਾਲ ਜਬਰਦਸਤੀ ਜਬਰ-ਜ਼ਨਾਹ ਕੀਤਾ ਸੀ। ਆਰੋਪੀ ਨੇ ਉਸ ਦੀ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨਾਲ ਕਈ ਵਾਰ ਸਰੀਰਕ ਸਬੰਧ ਬਣਾਏ ਗਏ।
ਜਦੋਂ ਪਾਣੀ ਸਿਰ ਦੇ ਉਪਰੋਂ ਲੰਘ ਗਿਆ ਤਾਂ ਪੀੜਤਾ ਨੇ ਆਰੋਪੀ ਨੌਜਵਾਨ ਦੇ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ। ਨੌਜਵਾਨ ਦੇ ਪਰਿਵਾਰ ਵਾਲਿਆਂ ਨੇ ਆਪਣੇ ਲੜਕੇ ਨੂੰ ਸਮਝਾਉਣ ਦੀ ਬਜਾਏ ਲੜਕੀ ਨਾਲ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੀੜਤਾ ਨੇ ਆਪਣੇ ਪਰਿਵਾਰ ਨੂੰ ਮਾਮਲੇ ਬਾਰੇ ਦੱਸਿਆ। ਫਿਰ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਪਹੁੰਚੀ। ਪੁਲੀਸ ਨੇ ਪੀੜਤਾ ਦੇ ਬਿਆਨ ਦਰਜ ਕਰਕੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਮਹਿਲਾ ਇੰਸਪੈਕਟਰ ਜਾਂਚ ਕਰ ਰਹੀ ਹੈ
ਦੱਸ ਦੇਈਏ ਕਿ ਮਾਮਲੇ ਦੀ ਜਾਂਚ ਰਾਮਾਮੰਡੀ ਥਾਣੇ ਵਿੱਚ ਤਾਇਨਾਤ ਇੰਸਪੈਕਟਰ ਵੱਲੋਂ ਕੀਤੀ ਜਾ ਰਹੀ ਹੈ। ਲੜਕੀ ਦਾ ਸਿਵਲ ਹਸਪਤਾਲ ਜਲੰਧਰ ਤੋਂ ਮੈਡੀਕਲ ਕਰਵਾਇਆ ਗਿਆ ਹੈ। ਜਿਸ ਦੀ ਰਿਪੋਰਟ ਜਲਦ ਹੀ ਪੁਲਿਸ ਨੂੰ ਮਿਲ ਜਾਵੇਗੀ। ਇਸ ਦੇ ਨਾਲ ਹੀ ਪੁਲਿਸ ਆਰੋਪੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।