
ਸਾਬਕਾ ਇੰਸਪੈਕਟਰ ਫਰਜ਼ੀ ਐਨਕਾਊਂਟਰ ਮਾਮਲੇ 'ਚ ਪਟਿਆਲਾ ਜੇਲ੍ਹ 'ਚ ਸੀ ਬੰਦ
ਪਟਿਆਲਾ: ਫਰਜ਼ੀ ਐਨਕਾਊਂਟਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਪਟਿਆਲਾ ਜੇਲ੍ਹ ਵਿਚ ਲੜਾਈ ਦੌਰਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਸਨ ਜਿਨ੍ਹਾਂ ਦੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਦੌਰਾਨ 7ਵੇਂ ਦਿਨ ਮੌਤ ਹੋ ਗਈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਸੂਬਾ ਸਿੰਘ ਦੇ ਸਿਰ ਉੱਤੇ ਡੂੰਘੀਆਂ ਸੱਟਾਂ ਲੱਗੀਆਂ ਸਨ। ਉਹ 10 ਸਤੰਬਰ ਤੋਂ ਆਈ.ਸੀ.ਯੂ. ਵਿਚ ਦਾਖਲ ਸਨ ਪਰ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਨਹੀਂ ਹੋਇਆ। ਅੱਜ ਉਹ ਦਮ ਤੋੜ ਗਏ।
ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ
ਸੂਬਾ ਸਿੰਘ ਨੂੰ ਸੀ.ਬੀ.ਆਈ. ਕੋਰਟ ਵਲੋਂ ਫ਼ਰਜ਼ੀ ਐਨਕਾਊਂਟਰ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਕਰਕੇ ਉਹ ਪਟਿਆਲਾ ਜੇਲ੍ਹ ਵਿਚ ਸਜ਼ਾ ਕੱਟ ਰਹੇ ਸਨ। ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਮਾਮਲੇ ਵਿਚ ਪਟਿਆਲਾ ਜੇਲ੍ਹ ਵਿਚ ਬੰਦ ਸੰਦੀਪ ਸਿੰਘ ਉਰਫ਼ ਸਨੀ ਦੀ ਕਿਸੇ ਮਸਲੇ ਨੂੰ ਲੈ ਕੇ ਸਾਬਕਾ ਡੀ.ਐਸ.ਪੀ. ਗੁਰਬਚਨ ਸਿੰਘ, ਸਾਬਕਾ ਇੰਸ. ਸੂਬਾ ਸਿੰਘ ਅਤੇ ਸਾਬਕਾ ਇੰਸ. ਇੰਦਰਜੀਤ ਸਿੰਘ ਨਾਲ ਲੜਾਈ ਹੋ ਗਈ ਸੀ। ਇਸ ਝਗੜੇ ਤੋਂ ਬਾਅਦ ਇਲਾਜ ਲਈ ਤਿੰਨੋਂ ਪੁਲਿਸ ਅਫ਼ਸਰਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਭੇਜਿਆ ਗਿਆ ਸੀ ਜਿਥੇ ਡੀ.ਐਸ.ਪੀ. ਗੁਰਬਚਨ ਅਤੇ ਇੰਸ. ਇੰਦਰਜੀਤ ਸਿੰਘ ਨੂੰ ਇਲਾਜ ਤੋਂ ਬਾਅਦ ਛੁੱਟੀ ਮਿਲ ਗਈ ਸੀ ਅਤੇ ਸੂਬਾ ਸਿੰਘ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।