
ਹੜ੍ਹ ਪ੍ਰਭਾਵਤ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ 'ਤੇ ਲੋਕਾਂ ਨੇ ਵਰ੍ਹਾਈਆਂ ਚੱਪਲਾਂ
ਤੇਲੰਗਾਨਾ ਵਿਚ ਮੀਂਹ ਨਾਲ 5000 ਕਰੋੜ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ
ਹੈਦਰਾਬਾਦ, 16 ਅਕਤੂਬਰ : ਬੀਤੇ ਕੁੱਝ ਦਿਨਾਂ ਤੋਂ ਤੇਲੰਗਾਨਾ ਦੇ ਕਈ ਇਲਾਕਿਆਂ ਵਿਚ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਇਸ ਦੇ ਚਲਦਿਆਂ ਸੂਬੇ ਨੂੰ ਕਾਫ਼ੀ ਨੁਕਸਾਨ ਹੋਇਆ ਹੈ। ਇਕ ਸਰਕਾਰੀ ਅੰਕੜਿਆਂ ਦੇ ਅਨੁਮਾਨ ਮੁਤਾਬਕ ਤੇਲੰਗਾਨਾ ਵਿਚ ਬਾਰਿਸ਼ ਕਾਰਨ ਘੱਟੋ-ਘੱਟ 5000 ਕਰੋੜ ਰੁਪਏ ਦੇ ਨੁਕਸਾਨ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਸਰਕਾਰ ਨੇ ਕਿਹਾ ਹੈ ਕਿ ਭਾਰੀ ਬਾਰਿਸ਼ ਦੇ ਚਲਦਿਆਂ ਹੜ੍ਹ ਵਰਗੇ ਹਾਲਾਤ ਪੈਦਾ ਹੋ ਗਏ ਹਨ। ਬਾਰਿਸ਼ ਨਾਲ ਸਬੰਧਤ ਵੱਖ-ਵੱਖ ਹਾਦਸਿਆਂ ਵਿਚ 50 ਲੋਕਾਂ ਦੀ ਮੌਤ ਹੋਈ ਹੈ।
ਇਸ ਤੋਂ ਬਾਅਦ ਤੇਲੰਗਾਨਾ ਦੇ ਇਬਰਾਹਿਮਪਟਨਮ ਵਿਚ ਵੀ ਭਾਰੀ ਬਾਰਿਸ਼ ਅਤੇ ਹੜ੍ਹ ਦੀ ਸਥਿਤੀ ਬਣੀ ਹੋਈ ਹੈ। ਇਥੋਂ ਦੀ ਤਾਜ਼ਾ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ ਅਤੇ ਉਹਨਾਂ ਦੇ ਸਮਰਥਕਾਂ ਨੂੰ ਸਥਾਨਕ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਲੋਕਾਂ ਨੇ ਵਿਧਾਇਕ ਅਤੇ ਹੋਰ ਵਰਕਰਾਂ 'ਤੇ ਚੱਪਲਾਂ ਦੀ ਬਰਸਾਤ ਕੀਤੀ। ਇਹ ਘਟਨਾ ਵੀਰਵਾਰ ਦੀ ਹੈ। ਜਦੋਂ ਇਬਰਾਹਿਮਪਟਨਮ ਦੇ ਵਿਧਾਇਕ ਮੰਚੀਰੇਡੀ ਕਿਸ਼ਨ ਰੈਡੀ ਇਲਾਕੇ ਦਾ ਜਾਇਜ਼ਾ ਲੈਣ ਪਹੁੰਚੇ। ਉਹਨਾਂ ਨਾਲ ਕਈ ਟੀਆਰਐਸ ਵਰਕਰ ਵੀ ਮੌਜੂਦ ਸਨ। ਜਦੋਂ ਉਹ ਹੜ੍ਹ ਪ੍ਰਭਾਵਤ ਇਲਾਕੇ 'ਚ ਪਹੁੰਚੇ ਤਾਂ ਇਲਾਕੇ ਦੇ ਲੋਕਾਂ ਨੇ ਉਹਨਾਂ 'ਤੇ ਚੱਪਲਾਂ ਸੁੱਟੀਆਂ। ਇਹੀ ਨਹੀਂ ਲੋਕਾਂ ਨੇ ਵਿਧਾਇਕ ਦੀ ਗੱਡੀ ਨਾਲ ਵੀ ਭੰਨਤੋੜ ਕੀਤੀ। ਇਸ ਘਟਨਾ ਦੀ ਵੀਡੀਉ ਕਾਫ਼ੀ ਵਾਇਰਲ ਹੋ ਰਹੀ ਹੈ। (ਏਜੰਸੀ)