
ਲੰਮੇ ਅਰਸੇ ਤੋਂ ਬਾਦਲ ਦਲ ਨਾਲ ਯਾਰਾਨਾ ਪੁਗਾਉਣ ਵਾਲੀ ਫ਼ੈਡਰੇਸ਼ਨ ਵੀ ਹੋਵੇਗੀ ਦੋਫ਼ਾੜ
ਰੂਪਨਗਰ, 16 ਅਕਤੂਬਰ (ਕੁਲਵਿੰਦਰ ਭਾਟੀਆ) : ਪਿਛਲੇ ਲੰਮੇ ਅਰਸੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਯਾਰਾਨਾ ਪੁਗਾਉਣ ਵਾਲੀ ਸਿੱਖ ਸਟੂਡੈਂਟ ਫ਼ੈਡਰੇਸ਼ਨ ਗਰੇਵਾਲ ਵੀ ਹੁਣ ਦੋਫ਼ਾੜ ਹੋ ਜਾਵੇਗੀ।
ਦਸਣਾ ਬਣਦਾ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਅਕਾਲੀ ਦਲ ਤੋਂ ਵੱਖ ਹੋਏ ਢੀਂਡਸਾ ਧੜੇ ਨਾਲ ਫ਼ੈਡਰੇਸ਼ਨ ਦੇ ਮੀਤ ਪ੍ਰਧਾਨ ਭੁਪਿੰਦਰ ਸਿੰਘ ਬਜਰੂੜ ਵੱਡੀ ਗਿਣਤੀ ਵਿਚ ਫ਼ੈਡਰੇਸ਼ਨ ਦੇ ਅਹੁਦੇਦਾਰਾਂ ਸਮੇਤ ਰੱਲ ਗਏ ਸਨ ਅਤੇ ਉਦੋਂ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਫ਼ੈਡਰੇਸ਼ਨ ਵੀ ਅਲੱਗ ਹੋਵੇਗੀ।
ਇਸ ਦੀ ਪੁਸ਼ਟੀ ਕਰਦਿਆਂ ਫ਼ੈਡਰੇਸ਼ਨ ਆਗੂ ਭੁਪਿੰਦਰ ਸਿੰਘ ਬਜਰੂੜ ਨੇ ਦਸਿਆ ਕਿ ਹੁਣ ਫ਼ੈਡਰੇਸ਼ਨ ਗਰੇਵਾਲ ਵਿਚ ਨੌਜਵਾਨਾਂ ਦਾ ਰੁਝਾਨ ਘੱਟ ਰਿਹਾ ਹੈ ਕਿਉਂਕਿ ਉਸ ਦਾ ਪੰਥ ਪ੍ਰਤੀ ਕੰਮਕਾਜ ਕਮਜ਼ੋਰ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਫ਼ੈਡਰੇਸ਼ਨ ਵਿਚ ਵਿਸ਼ਵਾਸ ਰੱਖਣ ਵਾਲੇ ਨੌਜਵਾਨਾਂ ਵਿਚ ਨਿਰਾਸ਼ਾ ਫੈਲਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸੇ ਕਾਰਨ ਨੌਜਵਾਨਾਂ ਦਾ ਸਸ਼ਕਤੀਕਰਨ ਕਰਨ ਲਈ ਪੰਜ਼ਾਬ ਅਤੇ ਪੰਥ ਦੀ ਪਹਿਰੇਦਾਰੀ ਕਰਨ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਫ਼ੀ ਸਿਆਸੀ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਵਲੋਂ ਸਿਰਜੀਆਂ ਸੰਸਥਾਵਾਂ ਦੇ ਗੌਰਵ ਅਤੇ ਪ੍ਰਭੂਸੱਤਾ ਅਤੇ ਹੋਂਦ ਨੂੰ ਵੱਡੀ ਢਾਹ ਲਾਈ ਹੈ ਇਨ੍ਹਾਂ ਕੁੱਝ ਸਿਆਸੀ ਆਗੂਆਂ ਨੇ ਸਿੱਖ ਸਿਧਾਤਾਂ ਦਾ ਘਾਣ ਕਰ ਕੇ ਪੰਥ ਦਰਦੀਆਂ ਨੂੰ ਅਤੇ ਵਿਸੇਸ਼ ਤੌਰ 'ਤੇ ਸਿੱਖ ਨੌਜਵਾਨਾਂ ਨੂੰ ਘੁੱਪ ਹਨੇਰੇ ਵਿਚ ਧੱਕਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਮਾਜਕ ਪੱਧਰ 'ਤੇ ਨਜ਼ਰ ਮਾਰੀਏ ਤਾਂ ਹਾਲਾਤ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਅਮੀਰ ਬਣਨ ਦੀ ਲਾਲਸਾ ਕਾਰਨ ਸਿਆਸਤਦਾਨਾਂ ਨੇ ਨਸ਼ਿਆਂ ਦਾ ਵਪਾਰ ਰਾਹੀ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿਤਾ ਹੈ।
ਬਜਰੂੜ ਨੇ ਕਿਹਾ ਕਿ ਇਨ੍ਹਾਂ ਹਲਾਤਾਂ ਨੂੰ ਵੇਖਦੇ ਹੋਏ 18 ਅਕਤੂਬਰ ਨੂੰ ਸਵੇਰੇ 10 ਵਜੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਨਵੀਂ ਸਿੱਖ ਸਟੂਡੈਂਟ ਫ਼ੈਡਰੇਸ਼ਨ ਦਾ ਐਲਾਨ ਕੀਤਾ ਜਾਵੇਗਾ। ਜਿਸ ਵਿਚ ਇਹ ਸ਼ਰਤ ਖਾਸ ਹੋਵੇਗੀ ਕਿ ਪ੍ਰਧਾਨ ਦੀ ਉਮਰ 40 ਸਾਲ ਤੋਂ ਘੱਟ ਹੋਵੇਗੀ।
ਫੋਟੋ ਰੋਪੜ-16-08 ਤੋਂ ਪ੍ਰਾਪਤ ਕਰੋ ਜੀ।
ਭੁਪਿੰਦਰ ਸਿੰਘ ਬਜਰੂੜ ਦੀ ਅਗਵਾਈ 'ਚ 18 ਅਕਤੂਬਰ ਨੂੰ ਹੋਵੇਗਾ ਨਵੀਂ ਫ਼ੈਡਰੇਸ਼ਨ ਦਾ ਗਠਨ