
ਪੁਲਿਸ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ, ਬਾਕੀ ਜਾਂਚ ਜਾਰੀ ਹੈ
ਪਟਿਆਲਾ: ਨਾਭਾ ਰੋਡ ’ਤੇ ਪਿੰਡ ਰੱਖੜਾ ਦੇ ਕੋਲ ਇਕ ਭਿਆਨਕ ਸੜਕ ਹਾਦਸੇ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿਚ ਇਕ ਕੁੜੀ ਅਤੇ ਮੁੰਡੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਬਖਸ਼ੀਵਾਲ ਦੇ ਐੱਸ. ਐਚ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸੋਮਵਾਰ ਸਵੇਰੇ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਣਕਾਰੀ ਮੁਤਾਬਕ ਇਕ ਲੜਕਾ ਅਤੇ ਲੜਕੀ ਕਾਰ ਵਿਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਇਸ ਦੌਰਾਨ ਅੱਗੇ ਕੋਈ ਪਸ਼ੂ ਆ ਗਿਆ ਅਤੇ ਕਾਰ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ ਕਾਰ ਸਵਾਰਾਂ ਦੋਵਾਂ ਮੁੰਡੇ-ਕੁੜੀ ਦੀ ਮੌਤ ਹੋ ਗਈ।
ਮ੍ਰਿਤਕ ਨੌਜਵਾਨ ਨਜ਼ਦੀਕੀ ਪਿੰਡ ਸਿੱਧੂਵਾਲ ਦਾ ਦੱਸਿਆ ਜਾ ਰਿਹਾ ਹੈ ਪਰ ਅਜੇ ਤਕ ਦੋਵਾਂ ਦੀ ਸਹੀ ਤਰੀਕੇ ਨਾਲ ਸ਼ਨਾਖਤ ਨਹੀਂ ਹੋ ਸਕੀ ਪੁਲਿਸ ਵਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦੇ ਬੁਰੀ ਤਰ੍ਹਾਂ ਪਰਖੱਚੇ ਉੱਡ ਗਏ ਅਤੇ ਕਾਰ ਸਵਾਰਾਂ ਮੁੰਡੇ-ਕੁੜੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਮੁਤਾਬਕ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ, ਬਾਕੀ ਜਾਂਚ ਜਾਰੀ ਹੈ।