
ਸੀ. ਸਮਿੱਥ ਨੇ ਡਾ. ਸਤਨਾਮ ਸਿੰਘ ਨਿੱਝਰ ਦੇ ਹਵਾਲੇ ਕੀਤੀ ਉਨ੍ਹਾਂ ਦੀ ਅਮਾਨਤ
40 ਹਜ਼ਾਰ ਰੁਪਏ ਤੇ ਕਈ ਅਹਿਮ ਦਸਤਾਵੇਜ਼ ਵੀ ਕੀਤੇ ਵਾਪਸ
ਬਟਾਲਾ : ਅਮਰੀਕਾ ਵਿਚ ਗੁਆਚਿਆ ਬਟੂਆ ਪੰਜਾਬ ਵਿਚ ਮਿਲਿਆ! ਖਬਰ ਹੈਰਾਨ ਕਰਨ ਵਾਲੀ ਹੈ ਪਰ ਇਹ ਬਿਲਕੁਲ ਸੱਚ ਹੈ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਇਮਾਨਦਾਰੀ ਅਜੇ ਵੀ ਜ਼ਿੰਦਾ ਹੈ। ਖ਼ਬਰ ਬਟਾਲਾ ਤੋਂ ਹੈ ਜਿਥੋਂ ਦੇ ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਦੇ ਲਾਸ ਏਂਜਲਸ ਵਿਖੇ ਆਪਣੀ ਧੀ ਕੋਲ ਗਏ ਸਨ ਜਿੱਥੇ ਸਵੇਰ ਦੀ ਸੈਰ ਦੌਰਾਨ ਉਨ੍ਹਾਂ ਦਾ ਬਟੂਆ ਗੁਆਚ ਹੋ ਗਿਆ ਸੀ।
ਪਰਿਵਾਰ ਨੇ ਪੂਰਾ ਇਲਾਕਾ ਛਾਣਿਆ ਪਰ ਬਟੂਆ ਨਹੀਂ ਮਿਲ ਸਕਿਆ। ਡਾ. ਨਿੱਝਰ ਉਸ ਤੋਂ ਬਾਅਦ ਭਾਰਤ ਆ ਗਏ ਅਤੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਤਰ੍ਹਾਂ ਉਨ੍ਹਾਂ ਦੇ ਜ਼ਰੂਰੀ ਦਸਤਾਵੇਜ਼ ਅਤੇ ਬਟੂਆ ਮੁੜ ਕਦੇ ਮਿਲੇਗਾ। ਜਾਣਕਾਰੀ ਅਨੁਸਾਰ ਅਮਰੀਕਾ ਸਥਿਤ ਉਨ੍ਹਾਂ ਦੀ ਰਿਹਾਇਸ਼ ਨਜ਼ਦੀਕ ਰਹਿੰਦੇ ਅਟਾਰਨੀ ਸਕੌਟ ਸੀ. ਸਮਿੱਥ ਨੂੰ ਇਹ ਬਟੂਆ ਮਿਲ ਗਿਆ ਸੀ, ਜਿਸ ਵਿਚ ਪੈਨ ਕਾਰਡ ਆਦਿ 'ਤੇ ਡਾ. ਨਿੱਝਰ ਦੀ ਫੋਟੋ ਦੇਖ ਕੇ ਸੀ.ਸਮਿੱਥ ਨੇ ਉਨ੍ਹਾਂ ਦੀ ਭਾਲ ਕੀਤੀ ਅਤੇ ਇਸ ਨੂੰ ਵਰਮੌਂਟ ਦੇ ਗੁਰਦੁਆਰੇ ਦੇ ਗ੍ਰੰਥੀ ਸਰਬਜੀਤ ਸਿੰਘ ਨੂੰ ਫੜਾ ਦਿੱਤਾ।
ਕਈ ਮਹੀਨੇ ਗ੍ਰੰਥੀ ਸਰਬਜੀਤ ਸਿੰਘ ਪੈਨ ਕਾਰਡ ਦੀ ਫੋਟੋ ਦਿਖਾ ਕੇ ਲੋਕਾਂ ਨੂੰ ਡਾ. ਸਤਨਾਮ ਬਾਰੇ ਪੁੱਛਦੇ ਰਹੇ ਪਰ ਕਈ ਮਹੀਨੇ ਬੀਤਣ ’ਤੇ ਵੀ ਕੁਝ ਪਤਾ ਨਹੀਂ ਲੱਗਾ। ਇਸੇ ਹਫ਼ਤੇ ਸਰਬਜੀਤ ਸਿੰਘ ਜਦ ਆਪਣੇ ਸ਼ਹਿਰ ਜਲੰਧਰ ਆਏ ਤਾਂ ਉਨ੍ਹਾਂ ਨਿੱਝਰ ਦੀ ਰਿਹਾਇਸ਼ ਬਾਰੇ ਪਤਾ ਲਗਾਉਣ ਲਈ ਸਥਾਨਕ ਆਮਦਨ ਕਰ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕੀਤਾ।
ਉੱਥੋਂ ਵੇਰਵੇ ਮਿਲਣ ’ਤੇ ਉਨ੍ਹਾਂ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਡਾ. ਨਿੱਝਰ ਦਾ ਬਟੂਆ ਦੇਣ ਲਈ ਭੇਜਿਆ। ਉਨ੍ਹਾਂ ਇਹ ਬਟੂਆ, 40 ਹਜ਼ਾਰ ਰੁਪਏ ਤੇ ਕਈ ਅਹਿਮ ਦਸਤਾਵੇਜ਼ ਡਾ. ਨਿੱਝਰ ਨੂੰ ਸੌਂਪ ਕੇ ਫੋਟੋਆਂ ਖਿੱਚੀਆਂ ਤੇ ਸਕੌਟ ਸਮਿੱਥ ਨੂੰ ਅਮਰੀਕਾ ਭੇਜੀਆਂ। ਇਸ ਬਾਰੇ ਡਾ. ਸਤਨਾਮ ਸਿੰਘ ਨਿੱਝਰ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੇ ਆਪਣੇ ਸਾਰੇ ਦਸਤਾਵੇਜ਼ ਨਵੇਂ ਬਣਵਾ ਲਏ ਸਨ ਪਰ ਆਪਣਾ ਬਟੂਆ ਅਤੇ ਦਸਤਾਵੇਜ਼ ਲੈ ਕੇ ਖੁਸ਼ ਹਨ।