
ਚੰਗੀ ਕਾਰਗੁਜ਼ਾਰੀ ਵਾਲੀਆਂ ਸਰਪੰਚਾਂ ਦੇ ਪਿੰਡਾਂ ਨੂੰ ਦੁੱਗਣੀ ਗ੍ਰਾਂਟ ਦੇਣ ਦਾ ਐਲਾਨ
ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਔਰਤਾਂ ਨੂੰ ਹਰ ਖੇਤਰ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ
ਜਲੰਧਰ ਤੇ ਕਪੂਰਥਲਾਂ ਦੀਆਂ ਪੰਚਾਂ-ਸਰਪੰਚਾਂ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦਾ ‘ਵਿਕਾਸ ਪੁਰਸ਼’ ਦੇ ਐਵਾਰਡ ਨਾਲ ਸਨਮਾਨ
ਦੋਵਾਂ ਜ਼ਿਲ੍ਹਿਆਂ ਦੇ 55 ਸੈਲਫ ਹੈਲਪ ਗਰੁੱਪਾਂ ਨੂੰ 12.25 ਲੱਖ ਦਾ ਰਿਵਾਲਵਿੰਗ ਫੰਡ ਪ੍ਰਦਾਨ
ਜਲੰਧਰ - ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਐਲਾਨ ਕੀਤਾ ਕਿ ਮਗਨਰੇਗਾ ਸਕੀਮ ਤਹਿਤ ਪਿੰਡਾਂ ਵਿੱਚ ਮਹਿਲਾ ਮੇਟਸ ਦੀ ਹੀ ਨਿਯੁਕਤੀ ਕੀਤੀ ਜਾਵੇਗੀ। ਸਥਾਨਕ ਡੀ.ਏ.ਵੀ. ਇੰਸਟੀਚਿਊਟ ਆਫ ਇੰਜੀਨੀਅਰ ਐਂਡ ਟੈਕਨਾਲੋਜੀ ਵਿਖੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਮਹਿਲਾ ਸਰਪੰਚਾਂ ਤੇ ਪੰਚਾਂ ਦੀ ਮਜ਼ਬੂਤ ਭਾਗੀਦਾਰੀ ਵਿਸ਼ੇ ’ਤੇ ਕਰਵਾਏ ਨਾਰੀ ਸਸ਼ਕਤੀਕਰਨ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਮਹਿਲਾ ਸਸ਼ਕਤੀਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ, ਜਿਸ ਤਹਿਤ ਪੰਚਾਇਤ ਸਕੱਤਰਾਂ ਦੀ ਆਉਣ ਵਾਲੀ ਭਰਤੀ ਵਿੱਚ 50 ਫੀਸਦੀ ਸੀਟਾਂ ਔਰਤਾਂ ਲਈ ਰਾਖਵੀਆਂ ਰੱਖੀਆਂ ਜਾਣਗੀਆਂ।
ਇਸ ਮੌਕੇ ਚੰਗੀ ਕਾਰਗੁਜ਼ਾਰੀ ਵਾਲੀਆਂ ਸਰਪੰਚਾਂ ਦੇ ਪਿੰਡਾਂ ਨੂੰ ਦੁੱਗਣੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਿੰਡਾਂ ਦੀਆਂ ਮਹਿਲਾ ਸਰਪੰਚਾਂ ਵੱਲੋਂ ਆਪਣੇ ਪਿੰਡਾਂ ਦਾ ਵਿਕਾਸ ਕਰਵਾਉਣ ਵਿੱਚ ਵਧੀਆ ਪ੍ਰਰਦਸ਼ਨ ਕੀਤਾ ਜਾਵੇਗਾ, ਉਨ੍ਹਾਂ ਦੀਆਂ ਪੰਚਾਇਤਾਂ ਨੂੰ ਦੁੱਗਣੀ ਗ੍ਰਾਂਟ ਪ੍ਰਦਾਨ ਕੀਤੀ ਜਾਵੇਗੀ। ਪੰਜਾਬ ਦੀ ਪੁਰਾਣੀ ਸ਼ਾਨ ਬਹਾਲ ਕਰਨ ਲਈ ਔਰਤਾਂ ਨੂੰ ਹਰ ਖੇਤਰ ’ਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੰਦਿਆਂ ਉਨ੍ਹਾਂ ਕਿਹਾ ਕਿ ਮਹਿਲਾ ਪੰਚਾਂ-ਸਰਪੰਚਾਂ ਨੂੰ ਘਰ ਦੇ ਮਰਦ ਮੈਂਬਰਾਂ ਦੀ ਬਜਾਏ ਖੁਦ ਅਗਵਾਈ ਕਰਦਿਆਂ ਪਿੰਡਾਂ ਦੀ ਕਮਾਨ ਸੰਭਾਲਣੀ ਚਾਹੀਦੀ ਹੈ ਅਤੇ ਪਿੰਡਾਂ ਦੀ ਦਿਸ਼ਾ ਤੇ ਦਸ਼ਾ ਬਦਲਣ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
ਔਰਤਾਂ ਨੂੰ ਆਪਣੀ ਅਹਿਮੀਅਤ ਪਛਾਨਣ ’ਤੇ ਜ਼ੋਰ ਦਿੰਦਿਆਂ ਪੰਚਾਇਤ ਮੰਤਰੀ ਨੇ ਕਿਹਾ ਕਿ ਜੇਕਰ ਔਰਤਾਂ ਖਾਸ ਕਰ ਮਹਿਲਾ ਸਰਪੰਚ-ਪੰਚ ਤਹੱਈਆ ਕਰ ਲੈਣ ਤਾਂ ਨਸ਼ਾ, ਭਰੂਣ ਹੱਤਿਆ ਸਮੇਤ ਹੋਰ ਕਈ ਸਮਾਜਿਕ ਕੁਰੀਤੀਆਂ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਇਸ ਮੌਕੇ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੀਆਂ ਮਹਿਲਾ ਸਰਪੰਚ, ਪੰਚ, ਬਲਾਕ ਸਮਿਤੀ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਦਾ ਪੰਚਾਇਤੀ ਰਾਜ ਸੰਸਥਾਵਾਂ ਤੇ ਮਹਿਲਾ ਪ੍ਰਤੀਨਿਧੀਆਂ ਦੇ ਸਸ਼ਕਤੀਕਰਨ ਅਤੇ ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਲਈ ਕੀਤੀ ਪਹਿਲਕਦਮੀ ਲਈ ‘ਵਿਕਾਸ ਪੁਰਸ਼’ ਦੇ ਐਵਾਰਡ ਨਾਲ ਸਨਮਾਨ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਹੁਣ ਤੱਕ 9000 ਏਕੜ ਤੋਂ ਵੱਧ ਜ਼ਮੀਨ ਨਾਜਾਇਜ਼ ਕਬਜ਼ੇ ਹੇਠੋਂ ਛੁਡਵਾ ਕੇ ਪੰਚਾਇਤਾਂ ਦੇ ਸਪੁਰਦ ਕੀਤੀ ਜਾ ਚੁੱਕੀ ਹੈ ਅਤੇ 26,000 ਏਕੜ ਹੋਰ ਜ਼ਮੀਨ ਦੀ ਪਛਾਣ ਕੀਤੀ ਗਈ ਹੈ, ਜੋ ਆਉਣ ਵਾਲੇ ਦਿਨਾਂ ਵਿੱਚ ਛੁਡਵਾ ਕੇ ਪੰਚਾਇਤਾਂ ਦੇ ਹਵਾਲੇ ਕੀਤੀ ਜਾਵੇਗੀ। ਕੈਬਨਿਟ ਮੰਤਰੀ, ਜਿਨ੍ਹਾਂ ਦੇ ਨਾਲ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ, ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਅਤੇ ‘ਆਪ’ ਆਗੂ ਰਾਜਵਿੰਦਰ ਕੌਰ ਮੌਜੂਦ ਸਨ, ਵੱਲੋਂ ਜ਼ਿਲ੍ਹਾ ਜਲੰਧਰ ਤੇ ਕਪੂਰਥਲਾ ਦੇ ਪਿੰਡਾਂ ਦੇ 55 ਸਵੈ ਸਹਾਇਤਾਂ ਸਮੂਹਾਂ ਨੂੰ 12.25 ਲੱਖ ਰੁਪਏ ਦੇ ਰਿਵਾਲਵਿੰਗ ਫੰਡ ਦੇ ਚੈਕ ਪ੍ਰਦਾਨ ਕੀਤੇ ਗਏ। ਇਸ ਮੌਕੇ ਉਨ੍ਹਾਂ ਸਵੈ ਸਹਾਇਤਾ ਸਮੂਹਾਂ ਵੱਲੋਂ ਤਿਆਰ ਉਤਪਾਦਾਂ ਦੀ ਪ੍ਰਦਰਸ਼ਨੀ ਦਾ ਦੌਰਾ ਵੀ ਕੀਤਾ।
ਇਸ ਮੌਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਿਪਟੀ ਡਾਇਰੈਕਟਰ ਜਗਵਿੰਦਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜਲੰਧਰ, ਵਰਿੰਦਰਪਾਲ ਸਿੰਘ ਬਾਜਵਾ, ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਸੁਰਿੰਦਰਪਾਲ ਆਂਗਰਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਜਲੰਧਰ ਗੁਰਪ੍ਰੀਤ ਸਿੰਘ ਗਿੱਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਪੂਰਥਲਾ ਹਰਜਿੰਦਰ ਸਿੰਘ ਸੰਧੂ ਅਤੇ ਡਿਪਟੀ ਸੀ.ਈ.ਓ. ਗੁਰਪ੍ਰਤਾਪ ਸਿੰਘ ਗਿੱਲ ਆਦਿ ਮੌਜੂਦ ਸਨ।