
ਮਾਂ ਨੇ ਕਿਹਾ- ਮੇਰੇ ਪੁੱਤ 'ਤੇ ਕੀਤਾ ਗਿਆ ਤਸ਼ੱਦਦ
ਕਪੂਰਥਲਾ : ਸਥਾਨਕ ਜੇਲ੍ਹ ਦੇ ਇਕ ਹਵਾਲਾਤੀ ਦੀ ਸਿਵਲ ਹਸਪਤਾਲ ਵਿਚ ਸ਼ੱਕੀ ਹਾਲਾਤ ਵਿਚ ਹੋਈ ਮੌਤ ਨੇ ਕਈ ਸਵਾਲ ਖੜੇ ਕਰ ਦਿਤੇ ਹਨ। ਪਰਿਵਾਰ ਵਾਲਿਆਂ ਨੇ ਜੇਲ੍ਹ ਅਧਿਕਾਰੀਆਂ 'ਤੇ ਤਸ਼ੱਦਦ ਕਰਨ ਦਾ ਇਲਜ਼ਾਮ ਲਗਾਇਆ ਹੈ। ਜਾਣਕਾਰੀ ਅਨੁਸਾਰ ਚੋਰੀ ਦੇ ਹਵਾਲਾਤੀ ਗੁਰਪ੍ਰੀਤ ਸਿੰਘ ਨੂੰ ਚੋਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਿਸੇ ਬਿਮਾਰੀ ਦੇ ਚਲਦੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਜਿਥੇ ਉਸ ਦੀ ਮੌਤ ਹੋ ਗਈ ਹੈ।
ਮ੍ਰਿਤਕ ਦੀ ਮਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ 'ਤੇ ਜਲੰਧਰ ਠਾਣੇ ਵਿਚ ਚੋਰੀ ਦਾ ਮਾਮਲਾ ਦਰਜ ਸੀ ਜਿਸ ਤੋਂ ਬਾਅਦ ਉਸ ਨੂੰ ਦੋ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਸੀ ਜਿਥੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਅਤੇ ਅੰਦਰੂਨੀ ਅੰਗਾਂ 'ਤੇ ਡੰਡੇ ਨਾਲ ਤਸ਼ੱਦਦ ਕੀਤਾ। ਉਸ ਦੀ ਹਾਲਤ ਇੰਨੀ ਵਿਗੜ ਗਈ ਸੀ ਕਿ ਉਹ ਸਿਧ ਵੀ ਖੜਾ ਨਹੀਂ ਹੋ ਪਾ ਰਿਹਾ ਸੀ। ਇਲਾਜ ਲਈ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਉਸ ਦੀ ਮੌਤ ਹੋ ਗਈ।
ਪੁੱਤਰ ਦੀ ਮੌਤ 'ਤੇ ਮਾਪਿਆਂ ਦਾ ਰੋ-ਰੋ ਬੁਰਾ ਹਾਲ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਉਧਰ ਐੱਸ. ਐੱਚ. ਓ. ਅਜਾਇਬ ਸਿੰਘ ਨੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿਤਾ ਹੈ। ਡਿਊਟੀ ਡਾਕਟਰ ਮੁਤਾਬਕ ਉਕਤ ਨੌਜਵਾਨ ਨਸ਼ੇ ਦਾ ਆਦੀ ਸੀ। ਦੋਸ਼ਾਂ ਤੋਂ ਬਾਅਦ ਜਿਊਡੀਸ਼ੀਅਲ ਮੈਜਿਸਟ੍ਰੇਟ ਫਰਸਟ ਕਲਾਸ ਮੋਨਿਕਾ ਰਾਣੀ ਦੀ ਨਿਗਰਾਣੀ 'ਚ ਤਿੰਨ ਮੈਂਬਰਾਂ ਦੇ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ।