30 ਅਪ੍ਰੈਲ 2022 ਨੂੰ ਮਹਿੰਦਰ ਸਿੰਘ ਆਹਲੀ ਸਕੱਤਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦਫਤਰ ਸਕੱਤਰ ਦੇ ਅਹੁਦੇ ਤੋਂ ਵਿਹੁਣਾ ਸੀ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਪ੍ਰਧਾਨਗੀ ਕਾਲ ਦੇ ਆਖ਼ਰੀ ਸਮੇਂ ਮੁਲਾਜ਼ਮਾਂ ਨੂੰ ਖੁਸ਼ ਕਰਨ ਲਈ ਤਰੱਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਕ ਸਕੱਤਰ, ਪੰਜ ਵਧੀਕ ਸਕੱਤਰ, ਇਕ ਬੁਲਾਰਾ ਲਗਾ ਕੇ ਮੁਲਾਜ਼ਮਾਂ ਨੂੰ ਤਰੱਕੀਆਂ ਦੇ ਕੇ ਨਿਵਾਜਿਆ ਹੈ। ਤਰੱਕੀਆਂ ਵਿਚ ਵਧੀਕ ਸਕੱਤਰ ਪ੍ਰਤਾਪ ਸਿੰਘ ਨੂੰ ਸਕੱਤਰ, ਪੰਜ ਮੀਤ ਸਕੱਤਰਾਂ 'ਚ ਕੁਲਵਿੰਦਰ ਸਿੰਘ ਰਮਦਾਸ, ਗੁਰਿੰਦਰ ਸਿੰਘ ਮਥਰੇਵਾਲ, ਬਲਵਿੰਦਰ ਸਿੰਘ ਕਾਹਲਵਾਂ, ਹਰਜੀਤ ਸਿੰਘ ਲਾਲੂਘੁੰਮਣ ਤੇ ਗੁਰਮੀਤ ਸਿੰਘ ਬੁੱਟਰ ਨੂੰ ਵਧੀਕ ਸਕੱਤਰ ਬਣਾਇਆ। ਇਸ ਦੇ ਨਾਲ ਹੀ ਮੀਡੀਆ ਇੰਚਾਰਜ ਹਰਭਜਨ ਸਿੰਘ ਵਕਤਾ ਨੂੰ ਬੁਲਾਰਾ ਸ਼੍ਰੋਮਣੀ ਕਮੇਟੀ ਨਿਯੁਕਤ ਕੀਤਾ ਹੈ।
ਜ਼ਿਕਰਯੋਗ ਹੈ ਕਿ 30 ਅਪ੍ਰੈਲ 2022 ਨੂੰ ਮਹਿੰਦਰ ਸਿੰਘ ਆਹਲੀ ਸਕੱਤਰ ਦੇ ਸੇਵਾਮੁਕਤ ਹੋਣ ਤੋਂ ਬਾਅਦ ਲੰਮਾ ਸਮਾਂ ਸ਼੍ਰੋਮਣੀ ਕਮੇਟੀ ਦਫਤਰ ਸਕੱਤਰ ਦੇ ਅਹੁਦੇ ਤੋਂ ਵਿਹੁਣਾ ਸੀ। ਇਸ ਤੋਂ ਇਲਾਵਾ ਡਾ. ਪਰਮਜੀਤ ਸਿੰਘ ਸਰੋਆ, ਸੁਖਮਿੰਦਰ ਸਿੰਘ ਤੇ ਬਿਜੈ ਸਿੰਘ ਬਾਦੀਆਂ ਵੀ ਵਧੀਕ ਸਕੱਤਰ ਵਜੋਂ ਪਹਿਲਾਂ ਹੀ ਸੇਵਾਵਾਂ ਨਿਭਾ ਰਹੇ ਹਨ। ਪ੍ਰਧਾਨਗੀ ਦੇ ਆਖ਼ਰੀ ਸਮੇਂ ਦੇ ਕਾਰਜਕਾਲ ਵਿਚ ਮੁਲਾਜ਼ਮਾਂ ਨੂੰ ਤਰੱਕੀਆਂ ਦੇਣੀਆਂ ਕਿਤੇ ਨਾ ਕਿਤੇ ਖ਼ਤਰੇ ਵਿਚ ਰਹਿੰਦੀਆਂ ਹਨ। ਪਿਛਲੇ ਸਮੇਂ ਤਤਕਾਲੀ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਵੱਲੋਂ ਵੀ ਕੁਝ ਅਧਿਕਾਰੀਆਂ ਨੂੰ ਤਰੱਕੀਆਂ ਦਿੱਤੀਆਂ ਗਈਆਂ ਸਨ, ਜਿਸ ਨੂੰ ਬਾਅਦ 'ਚ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਰੱਦ ਕਰ ਦਿੱਤਾ ਸੀ।