
ਖ਼ਰੀਦ ਕੇਂਦਰਾਂ ਵਿਚ ਤੁਰੰਤ ਝੋਨੇ ਦੀ ਖ਼ਰੀਦ ਬੰਦ ਕਰਨ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਵਿਰੋਧੀ ਚਿਹਰਾ ਸਾਹਮਣੇ ਆਇਆ : ਮੀਤ ਹੇਅਰ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੈਂਕੜੇ ਖ਼ਰੀਦ ਕੇਂਦਰਾਂ ਵਿਚ ਝੋਨੇ ਦੀ ਖ਼ਰੀਦ ਬੰਦ ਕਰਕੇ ਕਿਸਾਨਾਂ ਲਈ ਅਚਾਨਕ ਵੱਡੀ ਬਿਪਤਾ ਪੈਦਾ ਕਰਨ ਲਈ ਸਰਕਾਰ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਕਿਸਾਨ ਵਿਰੋਧੀ ਫ਼ੈਸਲਾ ਕਰਾਰ ਦਿੱਤਾ ਹੈ।
Paddy
ਆਮ ਆਦਮੀ ਪਾਰਟੀ ਦੇ ਹੈੱਡਕੁਆਟਰ ਤੋਂ ਜਾਰੀ ਇੱਕ ਬਿਆਨ ਵਿਚ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੋਂ ਆਪਣੇ ਆਪ ਨੂੰ ਬਚਾਉਣ ਲਈ ਸੜਕਾਂ ਉੱਤੇ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਪੰਜਾਬ ਸਰਕਾਰ ਨੇ ਸੰਘਰਸ਼ ਨੂੰ ਖ਼ਤਮ ਕਰਾਉਣ ਲਈ ਦਬਾਅ ਬਣਾਉਣ ਦੇ ਇਰਾਦੇ ਨਾਲ ਇਹ ਕਦਮ ਚੁੱਕਿਆ ਹੈ।
Meet HAYER
ਹੇਅਰ ਨੇ ਕਿਹਾ ਕਿ ਦਿਨ ਰਾਤ ਇੱਕ ਕਰਕੇ ਪੁੱਤਾਂ ਵਾਂਗ ਪਾਲੀ ਝੋਨੇ ਦੀ ਫ਼ਸਲ ਨੂੰ ਪਹਿਲਾਂ ਸਰਕਾਰੀ ਅਧਿਕਾਰੀਆਂ ਨੇ ਖ਼ਰੀਦ ਦੇ ਮਾਪਦੰਡ ਉੱਤੇ ਉੱਤਰਦੀ ਫ਼ਸਲ ਨੂੰ ਵੀ ਸਮੇਂ ਸਿਰ ਨਹੀਂ ਖ਼ਰੀਦਿਆਂ, ਹੁਣ ਜਦੋਂ ਵੱਡੀ ਪੱਧਰ ਉੱਤੇ ਕਿਸਾਨਾਂ ਦੀ ਫ਼ਸਲ ਮੰਡੀਆਂ ਵਿਚ ਪਈ ਹੈ ਤਾਂ ਅਚਾਨਕ ਸਰਕਾਰ ਨੇ ਇਹ ਤੁਗ਼ਲਕੀ ਫ਼ਰਮਾਨ ਜਾਰੀ ਕਰ ਦਿੱਤਾ।
CM Amarinder Singh
ਆਗੂ ਨੇ ਕਿਹਾ ਕਿ ਜਦੋਂ ਕੇਂਦਰ ਦੀ ਸਰਕਾਰ ਨੇ ਝੋਨੇ ਦੀ ਖ਼ਰੀਦ ਲਈ 30 ਨਵੰਬਰ ਨਿਸ਼ਚਿਤ ਕੀਤੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਇਸ ਹੁਕਮ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਜੋ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਦੱਸਦੇ ਹਨ, ਪਰ ਜਦੋਂ ਵੀ ਇਨ੍ਹਾਂ ਦੀ ਸਰਕਾਰ ਵੱਲੋਂ ਹੁਕਮ ਜਾਰੀ ਹੁੰਦੇ ਹਨ ਤਾਂ ਲੋਕ ਵਿਰੋਧੀ ਹੋਣ ਦੀ ਅਸਲੀਅਤ ਸਾਹਮਣੇ ਆ ਜਾਂਦੀ ਹੈ।
CM Amrinder Singh
ਆਗੂ ਨੇ ਕਿਹਾ ਕਿ ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੋਕਾਂ ਦੀ ਥਾਂ ਹਰ ਤਰ੍ਹਾਂ ਦੇ ਮਾਫ਼ੀਆ ਲਈ ਕੰਮ ਕਰਦੀ ਹੈ, ਇਹ ਕਦਮ ਵੀ ਸਰਕਾਰ ਵੱਲੋਂ ਖ਼ਰੀਦੋ ਫ਼ਰੋਖ਼ਤ ਕਰਨ ਵਾਲੇ ਝੋਨਾ ਮਾਫ਼ੀਏ ਲਈ ਚੁੱਕਿਆ ਗਿਆ ਕਦਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਲਾਕਡਾਊਨ ਦੀ ਆੜ ਵਿਚ ਬਾਹਰੀ ਸੂਬਿਆਂ ਤੋਂ ਆਇਆ ਝੋਨਾ ਤਾਂ ਪਹਿਲ ਦੇ ਆਧਾਰ ਉੱਤੇ ਖ਼ਰੀਦ ਲਿਆ, ਪ੍ਰੰਤੂ ਪੰਜਾਬ ਦਾ ਕਿਸਾਨ ਝੋਨਾ ਲੈ ਕੇ ਮੰਡੀਆਂ ਵਿਚ ਰੁਲ ਰਿਹਾ ਹੈ।
ਆਪ' ਆਗੂ ਨੇ ਕਿਹਾ ਕਿ ਸਰਕਾਰ ਨੇ ਇੱਕ ਸਾਜ਼ਿਸ਼ ਦੇ ਤਹਿਤ ਪਹਿਲਾਂ ਤਾਂ ਬਹਾਨੇਬਾਜ਼ੀ ਕਰਕੇ ਕਿਸਾਨਾਂ ਦੀ ਫ਼ਸਲ ਨਹੀਂ ਚੁੱਕੀ, ਹੁਣ ਜਦੋਂ ਕਿਸਾਨ ਮੰਡੀਆਂ ਵਿਚ ਆਪਣੀ ਫ਼ਸਲ ਦੀ ਰਾਖੀ ਬੈਠੇ ਹੋਏ ਹਨ ਤਾਂ ਅਚਾਨਕ ਇਹ ਹੁਕਮ ਜਾਰੀ ਕਰ ਦਿੱਤੇ। ਆਗੂ ਨੇ ਕਿਹਾ ਕਿ ਲੋਕਤੰਤਰਿਕ ਢੰਗ ਨਾਲ ਚੁਣੀ ਹੋਈ ਕੈਪਟਨ ਦੀ ਸਰਕਾਰ ਅਕਸਰ ਅਜੇ ਵੀ ਰਾਜ਼ਾਸ਼ਾਹੀ ਵਾਂਗ ਹੀ ਹੁਕਮ ਜਾਰੀ ਕਰ ਰਹੀ ਹੈ, ਜਦੋਂ ਕਿ ਲੋਕਾਂ ਦੀ ਸਹੂਲਤ ਦੇ ਮੁਤਾਬਿਕ ਕੰਮ ਕਰਨਾ ਚਾਹੀਦਾ ਹੈ।
ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਅਧਿਕਾਰੀਆਂ ਬੰਦ ਦਫ਼ਤਰਾਂ ਵਿਚ ਬੈਠੇ ਪੱਤਰ ਜਾਰੀ ਕਰ ਰਹੇ ਹਨ, ਜਿਨ੍ਹਾਂ ਨੇ ਕਦੇ ਚਾਰਦੀਵਾਰੀ ਤੋਂ ਬਾਹਰ ਜਾ ਕੇ ਲੋਕਾਂ ਦਾ ਹਾਲ ਨਹੀਂ ਜਾਣਿਆ। ਪਾਰਟੀ ਆਗੂ ਨੇ ਕਿਹਾ ਕਿ ਆਰਥਿਕ ਤੰਗੀ ਵਿਚੋਂ ਰੋਜ਼ਮਰਾ ਦੀ ਲੜਾਈ ਲੜ ਰਹੇ ਕਿਸਾਨਾਂ ਉੱਤੇ ਸਰਕਾਰ ਦੇ ਇਨ੍ਹਾਂ ਹੁਕਮਾਂ ਨਾਲ ਹੋਰ ਬੋਝ ਪਵੇਗਾ। ਆਗੂ ਨੇ ਕਿਹਾ ਕਿ ਗ਼ਰੀਬ ਕਿਸਾਨਾਂ ਜਿਨ੍ਹਾਂ ਕੋਲ ਦੂਰ ਦੁਰਾਡੇ ਮੰਡੀਆਂ ਵਿਚ ਫ਼ਸਲ ਲੈ ਕੇ ਜਾਣ ਲਈ ਆਪਣੇ ਸਾਧਨ ਉਨ੍ਹਾਂ ਨੂੰ ਹੁਣ ਕਿਰਾਏ ਉੱਤੇ ਸਾਧਨ ਲੈਣੇ ਪੈਣਗੇ। ਆਗੂ ਨੇ ਕਿਹਾ ਕਿ ਇਸ ਫ਼ਰਮਾਨ ਨਾਲ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਖ਼ਰਾਬ ਹੋਵੇਗੀ।
ਉਨ੍ਹਾਂ ਪੰਜਾਬ ਮੰਡੀ ਬੋਰਡ ਦੇ ਮੁਖੀ ਰਵੀ ਭਗਤ ਤੋਂ ਮੰਗ ਕੀਤੀ ਕਿ ਤੁਰੰਤ ਉਹ ਇਹ ਹੁਕਮ ਵਾਪਸ ਲੈ ਕੇ ਤੁਰੰਤ ਆਪਣੇ ਜ਼ਿਲ੍ਹਿਆਂ ਦੇ ਮੁੱਖ ਅਫ਼ਸਰਾਂ ਸਮੇਤ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਮੁੜ ਤੋਂ ਸਾਰੇ ਖ਼ਰੀਦ ਕੇਂਦਰਾਂ ਵਿਚ ਖ਼ਰੀਦ ਸਬੰਧੀ ਹੁਕਮ ਜਾਰੀ ਕਰਨ। ਉਨ੍ਹਾਂ ਕਿਹਾ ਕਿ ਪੰਜਾਬ ਮੰਡੀ ਬੋਰਡ ਕਿਸਾਨਾਂ ਦੇ ਮਾੜੇ ਸਮੇਂ ਵਿਚ ਬਾਂਹ ਫੜ੍ਹੇ ਨਾ ਕਿ ਉਨ੍ਹਾਂ ਉੱਤੇ ਹੋਰ ਬੋਝ ਪਾਵੇ।