
ਕਾਂਗਰਸੀ ਆਗੂ ਕਪਿਲ ਸਿੱਬਲ ਨੇ ਅਪਣੀ ਹੀ ਲੀਡਰਸ਼ਿਪ 'ਤੇ ਚੁੱਕੇ ਸਵਾਲ
ਲੋਕ ਹੁਣ ਕਾਂਗਰਸ ਨੂੰ ਭਰੋਸੇਯੋਗ ਬਦਲ ਵਜੋਂ ਨਹੀਂ ਵੇਖਦੇ
ਨਵੀਂ ਦਿੱਲੀ, 16 ਨਵੰਬਰ: ਬਿਹਾਰ ਚੋਣਾਂ ਵਿਚ ਮਾੜੀ ਕਾਰਗੁਜ਼ਾਰੀ ਕਾਰਨ ਇਕ ਵਾਰ ਮੁੜ ਤੋਂ ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਇਸ ਮਾਮਲੇ 'ਚ ਅਪਣੀ ਰਾਏ ਦਿਤੀ ਹੈ। ਤਾਰਿਕ ਅਨਵਰ ਤੋਂ ਬਾਅਦ ਹੁਣ ਸੀਨੀਅਰ ਕਾਂਗਰਸ ਨੇਤਾ ਕਪਿਲ ਸਿੱਬਲ ਨੇ ਇਸ਼ਾਰਿਆਂ ਵਿਚ ਰਾਹੁਲ ਗਾਂਧੀ ਅਤੇ ਸੋਨੀਆ ਗਾਂਧੀ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਇਥੋਂ ਤਕ ਕਹਿ ਦਿਤਾ ਹੈ ਕਿ ਲੋਕ ਕਾਂਗਰਸ ਨੂੰ ਪ੍ਰਭਾਵਸ਼ਾਲੀ ਬਦਲ ਵਜੋਂ ਨਹੀਂ ਵੇਖਦੇ।
ਸਿੱਬਲ ਨੇ ਕਿਹਾ ਕਿ ਨਾ ਸਿਰਫ ਬਿਹਾਰ, ਬਲਕਿ ਵੱਖ-ਵੱਖ ਰਾਜਾਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਲਗਦਾ ਹੈ ਕਿ ਲੋਕ ਕਾਂਗਰਸ ਨੂੰ ਪ੍ਰਭਾਵਸ਼ਾਲੀ ਬਦਲ ਨਹੀਂ ਮੰਨ ਰਹੇ। ਬਿਹਾਰ ਵਿਚ ਆਰਜੇਡੀ ਇਕੋ ਇਕ ਬਦਲ ਹੈ। ਸਾਨੂੰ ਗੁਜਰਾਤ ਉਪ ਚੋਣਾਂ ਵਿਚ ਇਕ ਵੀ ਸੀਟ ਨਹੀਂ ਮਿਲੀ। ਇਹੀ ਸਥਿਤੀ ਲੋਕ ਸਭਾ ਚੋਣਾਂ ਵਿਚ ਵੀ ਸੀ। ਉੱਤਰ ਪ੍ਰਦੇਸ਼ ਦੀਆਂ ਜ਼ਿਮਨੀ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰਾਂ ਨੂੰ ਕੁਝ ਸੀਟਾਂ 'ਤੇ 2 ਪ੍ਰਤੀਸ਼ਤ ਤੋਂ ਘੱਟ ਵੋਟਾਂ ਮਿਲੀਆਂ, ਜੋ ਨਿਸ਼ਚਤ ਤੌਰ 'ਤੇ ਚਿੰਤਾ ਦਾ ਵਿਸ਼ਾ ਹੈ।
ਇਸ ਤੋਂ ਪਹਿਲਾਂ ਬਿਹਾਰ ਕਾਂਗਰਸ ਦੇ ਸੀਨੀਅਰ ਨੇਤਾ ਤਾਰਿਕ ਅਨਵਰ ਨੇ ਵੀ ਕਿਹਾ ਸੀ ਕਿ ਬਿਹਾਰ ਚੋਣ ਨਤੀਜਿਆਂ ਨੂੰ ਲੈ ਕੇ ਪਾਰਟੀ ਅੰਦਰ ਮੰਥਨ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਸੀਟਾਂ ਦੀ ਵੰਡ ਨੂੰ ਅੰਤਮ ਰੂਪ ਦੇਣ ਵਿਚ ਦੇਰੀ ਦਾ ਸਿੱਟਾ ਵਿਸ਼ਾਲ ਗਠਜੋੜ ਨੂੰ ਭੁਗਤਣਾ ਪਿਆ ਹੈ। ਕਾਂਗਰਸ ਨੂੰ ਇਸ ਤੋਂ ਸਬਕ ਲੈਣਾ ਚਾਹੀਦਾ ਹੈimage ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਗਠਜੋੜ ਦੀਆਂ ਰਸਮਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ। (ਏਜੰਸੀ)