
ਸ਼ਹੀਦ ਫ਼ੌਜੀ ਜਵਾਨ ਰਿਸ਼ੀਕੇਸ਼ ਜੋਂਧਲੇ ਦਾ ਨਮ ਅੱਖਾਂ ਨਾਲ ਹੋਇਆ ਅੰਤਮ ਸਸਕਾਰ
ਪੁਣੇ, 16 ਨਵੰਬਰ: ਜੰਮੂ-ਕਸ਼ਮੀਰ 'ਚ ਕੰਟਰੋਲ ਰੇਖਾ (ਐੱਲ. ਓ. ਸੀ.) ਪਾਰ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ ਵਿਚ ਸ਼ਹੀਦ ਹੋਏ ਫ਼ੌਜ ਦੇ ਜਵਾਨ ਰਿਸ਼ੀਕੇਸ਼ ਜੋਂਧਲੇ ਦਾ ਮਹਾਰਾਸ਼ਟਰ ਦੇ ਕੋਲਹਾਪੁਰ ਸਥਿਤ ਉਸ ਦੇ ਜੱਦੀ ਪਿੰਡ 'ਚ ਅੰਤਮ ਸਸਕਾਰ ਕੀਤਾ ਗਿਆ।
ਇਸ ਦੌਰਾਨ ਪਿੰਡ ਦੇ ਸੈਂਕੜੇ ਲੋਕਾਂ ਨੇ ਉਨ੍ਹਾਂ ਦੇ ਸਨਮਾਨ 'ਚ ਨਾਹਰੇ ਲਾਏ ਅਤੇ ਉਨ੍ਹਾਂ ਦੇ ਪਰਵਾਰ ਨੇ ਉਨ੍ਹਾਂ ਨੂੰ ਵਿਦਾਈ ਦਿਤੀ। ਜੰਮੂ-ਕਸ਼ਮੀਰ ਦੇ ਗੁਰੇਜ ਸੈਕਟਰ ਵਿਚ ਐੱਲ. ਓ. ਸੀ. ਪਾਰ ਤੋਂ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ 'ਚ ਸ਼ਹੀਦ ਹੋਏ ਜਵਾਨ ਜੋਂਧਲੇ (20) ਦਾ ਮਰਹੂਮ ਸਰੀਰ ਐਤਵਾਰ ਰਾਤ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਪੁਣੇ ਲਿਆਂਦਾ ਗਿਆ। ਇਸ ਤੋਂ ਬਾਅਦ ਮਰਹੂਮ ਸਰੀਰ ਨੂੰ ਸੜਕ ਮਾਰਗ ਤੋਂ ਕੋਲਹਾਪੁਰ ਜ਼ਿਲ੍ਹੇ ਦੇ ਅਜ਼ਰਾ ਤਹਿਸੀਲ ਸਥਿਤ ਉਨ੍ਹਾਂ ਦੇ ਜੱਦੀ ਪਿੰਡ ਬਾਹਿਰੇਵਾੜੀ ਲਿਆਂਦਾ ਗਿਆ। ਜਵਾਨ ਦੇ ਪਰਵਾਰ ਵਿਚ ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਹਨ। ਜੋਂਧਲੇ ਦੇ ਅੰਤਮ ਸਸਕਾਰ ਵਿਚ ਸੋਮਵਾਰ ਨੂੰ ਸੈਂਕੜੇ ਪਿੰਡ ਵਾਸੀ ਸ਼ਾਮਲ ਹੋਏ। ਇਸ ਦੌਰਾਨ ਭਾਵੁਕ ਪਿੰਡ ਵਾਸੀਆਂ ਨੇ 'ਭਾਰਤ ਮਾਤਾ ਕੀ ਜੈ' ਅਤੇ 'ਰਿਸ਼ੀਕੇਸ਼ ਅਮਰ ਰਹੇ' ਦੇ ਨਾਹਰੇ ਲਾਏ। ਜਵਾਨ ਦਾ ਪੂਰੇ ਫ਼ੌਜੀ ਸਨਮਾਨ ਨਾਲ ਅੰਤਮ ਸਸਕਾਰ ਕੀਤਾ ਗਿਆ।
ਜੋਂਧਲੇ ਦਸੰਬਰ 2018 'ਚ ਭਾਰਤੀ ਫ਼ੌਜ ਵਿਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਨੇ ਬੇਲਗਾਮ ਵਿਚ ਅਪਣੀ ਸਿਖਲਾਈ ਪੂਰੀ ਕੀਤੀ। ਸ਼ਹੀਦ ਦੇ ਪਿਤਾ ਰਾਮਚੰਦਰ ਜੋਂਧਲੇ ਨੇ ਕਿਹਾ ਕਿ ਉਨ੍ਹਾਂ ਦਾ ਪੁੱਤ ਤਾਲਾਬੰਦੀ ਲੱਗਣ ਤੋਂ ਪਹਿਲਾਂ ਛੁੱਟੀ 'ਤੇ ਘਰ ਆਇਆ ਸੀ। ਰਿਸ਼ੀਕੇਸ਼ ਇਕ ਅਪ੍ਰੈਲ ਤਕ ਛੁੱਟੀ 'ਤੇ ਸਨ ਪਰ ਤਾਲਾਬੰਦੀ ਕਾਰਨ ਉਹ ਇਕ ਜੂਨ ਨੂੰ ਡਿਊਟੀ 'ਤੇ ਪਹੁੰਚ ਸਕਿਆ। ਰਾਮਚੰਦਰ ਨੇ ਦਸਿਆ ਕਿ ਰਿਸ਼ੀਕੇਸ਼ ਨੇ ਬੁਧਵਾਰ ਨੂੰ ਅਪਣੀ ਮਾਂ ਨਾਲ ਫ਼ੋਨ 'ਤੇ ਗੱਲ ਕੀਤੀ ਸੀ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੇ ਗੁਰੇਜ ਅਤੇ ਉੜੀ ਸੈਕਟਰਾਂ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਖੇਤਰਾਂ ਵਿਚ ਪਾਕਿਸਤਾਨੀ ਫ਼ੌਜੀਆਂ ਦੀ ਗੋਲੀਬਾਰੀ 'ਚ ਸ਼ਹੀਦ ਹੋਣ ਵਾਲੇ ਫ਼ੌਜ ਦੇ 4 ਜਵਾਨਾਂ ਵਿਚ ਜੋਂਧਲੇ ਵੀ ਸ਼ਾਮਲ ਸਨ। (ਏਜੰਸੀ)