
ਨਿਤੀਸ਼ ਕੁਮਾਰ ਨੇ 7ਵੀਂ ਵਾਰ ਚੁੱਕੀ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ
to
ਨਿਤੀਸ਼ ਕੁਮਾਰ ਸਣੇ ਕੁਲ 14 ਮੰਤਰੀਆਂ ਨੇ ਚੁੱਕੀ ਸਹੁੰ
ਪਟਨਾ, 16 ਨਵੰਬਰ: ਬਿਹਾਰ 'ਚ ਇਕ ਵਾਰ ਮੁੜ ਨਿਤੀਸ਼ ਸਰਕਾਰ ਆ ਗਈ ਹੈ। ਪਿਛਲੇ 15 ਸਾਲਾਂ ਤੋਂ ਬਿਹਾਰ ਦੀ ਸੱਤਾ 'ਤੇ ਬਿਰਾਜਮਾਨ ਨਿਤੀਸ਼ ਕੁਮਾਰ ਨੇ ਸੋਮਵਾਰ ਨੂੰ ਇਕ ਵਾਰ ਮੁੜ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਰਾਜ ਭਵਨ 'ਚ ਰਾਜਪਾਲ ਫਾਗੂ ਚੌਹਾਨ ਨੇ ਉਨ੍ਹਾਂ ਨੂੰ ਸਹੁੰ ਚੁਕਾਈ।
ਦਸਣਯੋਗ ਹੈ ਕਿ ਨਿਤੀਸ਼ ਕੁਮਾਰ 7ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਹਨ। ਨਿਤੀਸ਼ ਕੁਮਾਰ ਤੋਂ ਬਾਅਦ ਤਾਰਕਿਸ਼ੋਰ ਪ੍ਰਸਾਦ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਅਤੇ ਇਸ ਤੋਂ ਬਾਅਦ ਰੇਣੂ ਦੇਵੀ ਨੇ ਸਹੁੰ ਚੁੱਕੀ।
ਜ਼ਿਕਰਯੋਗ ਹੈ ਕਿ ਤਾਰਕਿਸ਼ੋਰ ਪ੍ਰਸਾਦ ਨੂੰ ਭਾਜਪਾ ਵਿਧਾਨ ਸਭਾ ਦਲ ਦਾ ਨੇਤਾ ਅਤੇ ਰੇਣੂ ਦੇਵੀ ਨੂੰ ਉਪ ਨੇਤਾ ਚੁਣਿਆ ਗਿਆ ਹੈ। ਇਸ ਤਰ੍ਹਾਂ ਨਿਤੀਸ਼ ਕੁਮਾਰ ਨਾਲ ਕੁਲ 14 ਮੰਤਰੀਆਂ ਨੇ ਵੀ ਸਹੁੰ ਚੁਕੀ। ਇਸ ਮੌਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਵੀ ਮੌਜੂਦ ਰਹੇ। ਕਾਂਗਰਸ ਅਤੇ ਰਾਸ਼ਟਰੀ ਜਨਤਾ ਦਲ ਨੇ ਸਹੁੰ ਚੁੱਕ ਸਮਾਰੋਹ ਦਾ ਬਾਈਕਾਟ ਕੀਤਾ।
ਦਸਣਯੋਗ ਹੈ ਕਿ ਬਿਹਾਰ ਵਿਚ ਹਾਲ ਹੀ 'ਚ ਵਿਧਾਨ ਸਭਾ ਚੋਣਾਂ 'ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ. ਡੀ. ਏ.) ਨੂੰ 125 ਸੀਟਾਂ ਮਿਲੀਆਂ ਜਿਨ੍ਹਾਂ 'ਚੋਂ ਨਿਤੀਸ਼ ਕੁਮਾਰ ਦੀ ਜਦਯੂ ਪਾਰਟੀ ਨੂੰ 43 ਸੀਟਾਂ ਮਿਲੀਆਂ ਅਤੇ ਭਾਜਪਾ ਨੂੰ 74 ਸੀਟਾਂ ਹਾਸਲ ਹੋਈਆਂ। ਨਿਤੀਸ਼ ਕੁਮਾਰ ਨੇ 2010 ਅਤੇ 2015 ਵਿਚ ਚੁਣਾਵੀ ਜਿੱਤ ਤੋਂ ਬਾਅਦ ਗਾਂਧੀ ਮੈਦਾਨ ਵਿਚ ਵੱਡੀ ਗਿਣਤੀ 'ਚ ਆਮ ਲੋਕਾਂ ਅਤੇ ਮਾਣਯੋਗ ਲੋਕਾਂ ਦੀ ਮੌਜੂਦਗੀ 'ਚ ਸਹੁੰ ਚੁੱਕੀ ਸੀ ਪਰ ਇਸ ਵਾਰ ਕੋਵਿਡ-19 ਲਾਗ ਕਾਰਨ ਇਹ ਸੰਭਵ ਨਹੀਂ ਹੋ ਸਕਿਆ। (ਏਜੰਸੀ)