
ਮਰਨ ਵਰਤ ’ਤੇ ਬੈਠੇ ਮ੍ਰਿਤਕ ਦੇ ਆਸ਼ਰਿਤਾਂ ਨੂੰ ਮਨਾਉਣ ਪਹੁੰਚੇ
ਪਟਿਆਲਾ, 16 ਨਵੰਬਰ (ਦਲਜਿੰਦਰ ਸਿੰਘ) : ਪਾਵਰਕਾਮ ’ਚ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਵਲੋਂ ਜੋ ਪਾਵਰਕਾਮ ਦੀ 7ਵੀਂ ਮੰਜ਼ਿਲ ’ਤੇ ਬੈਠ ਕੇ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ, ਨੂੰ ਮਨਾਉਣ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਪਹੁੰਚੇ, ਜਿਨ੍ਹਾਂ ਸੰਘਰਸ਼ਕਾਰੀਆਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਜੂਸ ਤਾਂ ਪਿਆ ਦਿਤਾ ਪਰ ਉਹ ਪਾਵਰਕਾਮ ਵਿਚ ਨੌਕਰੀਆਂ ਲਾਜ਼ਮੀ ਦਿਤੇ ਭਰੋਸੇ ਦੇ ਬਾਵਜੂਦ ਬਿਨਾਂ ਨੌਕਰੀਆਂ ਲਏ ਇਸੇ ਤਰ੍ਹਾਂ ਮਰਨ ਵਰਤ ’ਤੇ ਬੈਠੇ ਰਹਿਣ ਦਾ ਫ਼ੈੈਸਲਾ ਹੀ ਸੰਘਰਸ਼ਕਾਰੀਆਂ ਨੇ ਕੀਤਾ।
ਦਸਣਯੋਗ ਹੈ ਕਿ ਪਾਵਰਕਾਮ ਵਿਚ ਨੌਕਰੀਆਂ ਦੀ ਮੰਗ ’ਤੇ ਅੜੇ ਬੈਠੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਹਾਲੇ ਤਾਂ ਸਿਰਫ਼ ਪੰਜ ਦਿਨਾਂ ਤੋਂ ਹੀ ਬੈਠੇ ਹਨ ਪਰ ਪਾਵਰਕਾਮ ਵਿਚ ਨੌਕਰੀਆਂ ਦੀ ਮੰਗ ਲਈ ਇਹੋ ਸੰਘਰਸ਼ਕਾਰੀ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰਦੇ ਆ ਰਹੇ ਹਨ, ਜਿਨ੍ਹਾਂ ਦੀ ਮੰਗ ਨੂੰ ਕਿਸੇ ਨੇ ਵੀ ਅੱਜ ਤਕ ਬੂਰ ਨਾ ਪਾਇਆ ਬਸ ਲਾਰੇ-ਲੱਪੇ, ਭਰੋਸੇ, ਵਾਅਦੇ ਦੇ ਕੇ ਹੀ ਕੰਮ ਸਾਰ ਦਿਤਾ, ਜਿਸ ਕਾਰਨ ਅੱਜ ਵੀ ਇਹ ਪਾਵਰਕਾਮ ਵਿਚ ਕੰਮ ਕਰਦੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਸ ਸੰਘਰਸ਼ ਕਰਨ ਨੂੰ ਮਜ਼ਬੂਰ ਹਨ ਤੇ ਅਪਣੀ ਜ਼ਿੰਦਗੀ ਤਕ ਦਾਅ ’ਤੇ ਲਗਾਈ ਬੈਠੇ ਹਨ।
ਮ੍ਰਿਤਕ ਮੁਲਾਜ਼ਮ ਆਸ਼ਰਿਤ ਸੰਘਰਸ਼ ਕਮੇਟੀ ਦੇ ਪ੍ਰਧਾਨ ਚਰਨਜੀਤ ਸਿੰਘ ਦਿਉਲ ਨੇ ਦਸਿਆ ਪਾਵਰਕਾਮ ਵਲੋਂ 2004 ਤੋਂ ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦੀ ਪਾਲਿਸੀ ਰੱਦ ਕਰ ਦਿਤੀ ਗਈ ਸੀ। ਇਸ ਤੋਂ ਬਾਅਦ ਵੱਡੀ ਗਿਣਤੀ ’ਚ ਸੇਵਾਵਾਂ ਨਿਭਾਉਂਦਿਆਂ ਮੁਲਾਜ਼ਮ ਫ਼ੌਤ ਹੋ ਚੁੱਕੇ ਹਨ। ਉਨ੍ਹਾਂ ਦੇ ਵਾਰਸ ਉਸ ਦਿਨ ਤੋਂ ਹੀ ਨੌਕਰੀ ਲਈ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਕੋਲ ਧੱਕੇ ਖਾ ਚੁੱਕੇ ਹਨ। ਹਮੇਸ਼ਾ ਉਨ੍ਹਾਂ ਨੂੰ ਜਲਦ ਹੀ ਪਾਲਿਸੀ ਬਣਾਉਣ ਦਾ ਭਰੋਸਾ ਦੇ ਕੇ ਟਾਲ ਦਿਤਾ ਜਾਂਦਾ ਹੈ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਲਈ ਪਾਲਿਸੀ ਬਣਾਉਣ ਦੀ ਕੋਈ ਵੀ ਕਾਰਵਾਈ ਨਹੀਂ ਆਰੰਭੀ ਜਾਂਦੀ ਹੈ, ਇਸ ਕਾਰਨ ਮ੍ਰਿਤਕਾਂ ਦੇ ਵਾਰਸਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਮ੍ਰਿਤਕਾਂ ਦੇ ਵਾਰਸਾਂ ਵਲੋਂ ਪਾਵਰਕਾਮ ਦਫ਼ਤਰ ਦੀ ਛੱਤ ’ਤੇ ਬੈਠਿਆਂ ਦੋ ਮਹੀਨੇ ਤੋਂ ਉਪਰ ਸਮਾਂ ਲੰਘ ਚੁਕਿਆ ਹੈ ਪਰ ਸਰਕਾਰ ਤੇ ਪਾਵਰਕਾਮ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਵੀ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਚਿਤਾਵਨੀ ਦਿਤੀ ਕਿ ਜਦ ਤਕ ਉਨ੍ਹਾਂ ਦੀਆਂ ਮੰਗਾਂ ਨਹੀਂ ਲਾਗੂ ਹੁੰਦੀਆਂ ਉਹ ਧਰਨੇ ’ਤੇ ਬੈਠੇ ਰਹਿਣਗੇ।
ਫੋਟੋ ਨੰ 16ਪੀਏਟੀ. 19