ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਹੋਇਆ ਫਰਾਰ
ਰਾਜਪੁਰਾ (ਦਲਜੀਤ ਸਿੰਘ ਸੈਦਖੇੜੀ, ਰਵਿੰਦਰ ਲਾਲੀ) : ਜ਼ਮੀਨ ਪਿੱਛੇ ਭਤੀਜੇ ਵਲੋਂ ਅਪਣੇ ਚਾਚੇ ਦੇ ਕਤਲ ਕਰਨ ਦਾ ਮਾਮਲਾ ਪਿੰਡ ਲੋਚਮਾ ਵਿਚ ਸਾਹਮਣੇ ਆਇਆ ਹੈ। ਅਵਤਾਰ ਸਿੰਘ ਵਾਸੀ ਲੋਚਮਾ ਨੇ ਗੰਡਾ ਖੇੜੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦਾ ਇਕ ਭਰਾ ਬਹਾਦਰ ਸਿੰਘ (45), ਜਿਸ ਨੇ ਵਿਆਹ ਨਹੀਂ ਸੀ ਕਰਵਾਇਆ, ਇਕੱਲਾ ਰਹਿੰਦਾ ਸੀ ਅਤੇ ਉਸ ਦੇ ਦੂਜੇ ਭਰਾ ਹਾਕਮ ਸਿੰਘ ਦਾ ਪੁੱਤਰ ਖੁਸ਼ਪ੍ਰੀਤ ਸਿੰਘ ਅਪਣੇ ਚਾਚੇ ਬਹਾਦਰ ਸਿੰਘ ਦੀ ਦੇਖਭਾਲ ਲਈ ਉਸ ਕੋਲ ਰਹਿੰਦਾ ਸੀ ਜਦਕਿ ਹਾਕਮ ਸਿੰਘ ਦਾ ਦੂਜਾ ਪੁੱਤਰ ਗੁਰਜੰਟ ਸਿੰਘ ਬਹਾਦਰ ਸਿੰਘ ਨੂੰ ਅਪਣੀ ਜ਼ਮੀਨ ਉਸ ਦੇ ਨਾਂ ਲਵਾਉਣ ਲਈ ਕਹਿ ਰਿਹਾ ਸੀ।
ਜਿਸ ਕਾਰਨ 14 ਨਵੰਬਰ ਨੂੰ ਦਿਨ ਸਮੇਂ ਦੋਵਾਂ ਵਿਚ ਤਿੱਖੀ ਤਕਰਾਰਬਾਜ਼ੀ ਵੀ ਹੋਈ। ਜਦੋਂ ਉਹ ਅਤੇ ਉਸ ਦਾ ਭਤੀਜਾ ਖੁਸ਼ਪ੍ਰੀਤ ਸਿੰਘ ਰਾਤ ਨੂੰ ਬਹਾਦਰ ਸਿੰਘ ਦੇ ਘਰ ਗਏ ਤਾਂ ਉਨ੍ਹਾਂ ਵੇਖਿਆ ਕਿ ਗੁਰਜੰਟ ਸਿੰਘ ਨੇ ਕਹੀ ਨਾਲ ਉਸ ਦੇ ਭਰਾ ਬਹਾਦਰ ਸਿੰਘ ਦੀ ਧੌਣ ’ਤੇ ਸਿੱਧੇ ਵਾਰ ਕੀਤੇ ਤੇ ਤੇਲ ਪਾ ਕੇ ਉਸ ਨੂੰ ਅੱਗ ਲਗਾ ਦਿਤੀ।
ਗੁਰਜੰਟ ਸਿੰਘ ਉਨ੍ਹਾਂ ਨੂੰ ਧੱਕਾ ਮਾਰ ਕੇ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਨੇ ਤੁਰਤ ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਬਹਾਦਰ ਸਿੰਘ ਨੂੰ ਰਾਜਪੁਰਾ ਦੇ ਸਿਵਲ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿਤਾ। ਗੰਡਾ ਖੇੜੀ ਪੁਲਿਸ ਨੇ ਅਵਤਾਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਗੁਰਜੰਟ ਸਿੰਘ ਵਿਰੁਧ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਐਸਐਚਓ ਜੈਦੀਪ ਸ਼ਰਮਾ ਨੇ ਦਸਿਆ ਕਿ ਪੁਲਿਸ ਵਲੋਂ ਮੁਲਜ਼ਮ ਨੂੰ ਫੜਨ ਲਈ ਤਿੰਨ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਛੇਤੀ ਹੀ ਮੁਲਜ਼ਮ ਨੂੰ ਕਾਬੂ ਕਰ ਲਿਆ ਜਾਵੇਗਾ।
