
ਖੇਤੀ ਕਾਨੂੰਨ ਕਿਸਾਨਾਂ ਦੇ ਹਿੱਤ ਵਿਚ: ਸ਼ਵੇਤ ਮਲਿਕ
ਅੰਮ੍ਰਿਤਸਰ, 16 ਦਸੰਬਰ (ਅਮਨਦੀਪ ਸਿੰਘ ਕੱਕੜ): ਅੱਜ ਅੰਮ੍ਰਿਤਸਰ ਦੇ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਵਿਖੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਪ੍ਰੈੱਸ ਵਾਰਤਾ ਵਿਚ ਕਿਹਾ ਕਿ ਖੇਤੀ ਸੁਧਾਰ ਬਿਲ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਲਿਆਂਦੇ ਗਏ ਹਨ। ਉਹ ਕਿਸਾਨਾਂ ਦੇ ਹਿੱਤ ਵਿਚ ਹਨ। ਇਸ ਉੱਤੇ ਰਾਜਨੀਤਕ ਪਾਰਟੀਆਂ ਸਿਰਫ਼ ਅਪਣੀਆਂ ਰਾਜਨੀਤਕ ਰੋਟੀਆਂ ਸੇਕ ਰਹੀਆਂ ਹਨ। ਉਨ੍ਹਾਂ ਕਿਹਾ ਕਿ 2017 ਦੇ ਚੁਣਾਵੀ ਮੈਨੀਫ਼ੈਸਟੋ ਵਿਚ ਕਾਂਗਰਸ ਨੇ ਵੀ ਇਨ੍ਹਾਂ ਬਿਲਾਂ ਨੂੰ ਪਾਸ ਕਰਨ ਦਾ ਮਤਾ ਪਾਸ ਕੀਤਾ ਸੀ। ਹੁਣ ਜਦੋਂ ਇਨ੍ਹਾਂ ਬਿਲਾਂ ਦਾ ਵਿਰੋਧ ਹੋਣ ਲੱਗਾ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਲਟੀ ਮਾਰ ਗਏ ਅਤੇ ਇਨ੍ਹਾਂ ਬਿਲਾਂ ਦਾ ਵਿਰੋਧ ਕਰਨ ਲੱਗ ਪਏ। ਸ਼ਵੇਤ ਮਲਿਕ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬਾਰੇ ਬੋਲਦਿਆਂ ਕਿਹਾ ਕਿ ਜਦੋਂ ਇਹ ਬਿਲ ਪਾਸ ਹੋਏ ਸਨ ਤਾਂ ਸੁਖਬੀਰ ਸਿੰਘ ਬਾਦਲ ਨੇ ਵੀ ਅਪਣੀ ਸਹਿਮਤੀ ਜਤਾਈ ਸੀ। ਹੁਣ ਇਨ੍ਹਾਂ ਬਿਲਾਂ ਦਾ ਵਿਰੋਧ ਹੋਣ ਬਾਅਦ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਦੀ ਪਿੱਠ ਵਿਚ ਛੁਰਾ ਮਾਰ ਕੇ ਅਪਣੀ ਗੁਆਚੀ ਹੋਈ ਰਾਜਨੀਤਕ ਜ਼ਮੀਨ ਲੱਭਣ ਲੱਗ ਪਏ ਹਨ। ਅਖ਼ੀਰ ਵਿਚ ਜਦੋਂ ਪੱਤਰਕਾਰਾਂ ਵਲੋਂ ਉਨ੍ਹਾਂ ਨੂੰ ਕੁਝ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਉਹ ਸਵਾਲਾਂ ਦਾ ਜਵਾਬ ਦੇਣ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਂਗ ਮਨ ਕੀ ਬਾਤ ਕਹਿ ਕੇ ਚੱਲਦੇ ਬਣੇ।