
ਨਿਸ਼ਾਨ ਸਾਹਿਬ ਸਬੰਧੀ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਉਨ੍ਹਾਂ ਦੀ ਅੰਦਰੂਨੀ ਫ਼ਿਕਰਮੰਦੀ ਹੀ ਜ਼ਾਹਰ ਕਰਦੈ
ਰਾਜੇਵਾਲ ਪੰਜਾਂ ਬਾਣੀਆਂ ਦੇ ਨਿਤਨੇਮੀ ਅਤੇ ਇਹ ਨਿਤਨੇਮ ਉਨ੍ਹਾਂ ਦਿੱਲੀ ਮੋਰਚੇ ਵਿਚ ਵੀ ਨਹੀਂ ਤਿਆਗਿਆ
ਸੰਗਰੂਰ, 16 ਦਸੰਬਰ (ਬਲਵਿੰਦਰ ਸਿੰਘ ਭੁੱਲਰ): ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੁਖੀ ਬਲਬੀਰ ਸਿੰਘ ਰਾਜੇਵਾਲ ਪੰਜਾਬ ਦੀ ਉਹ ਨਿਰਵਿਵਾਦਤ ਸ਼ਖ਼ਸੀਅਤ ਹਨ ਜਿਨ੍ਹਾਂ ਅਪਣੀ ਉਮਰ ਦੇ ਤਕਰੀਬਨ 50 ਵਰ੍ਹੇ ਕਿਸਾਨੀ ਦੇ ਲੇਖੇ ਲਾਏ। ਪੰਜਾਬ ਦੇ ਖੰਨਾ ਨੇੜਲੇ ਪਿੰਡ ਰਾਜੇਵਾਲ ਵਿਚ ਪੈਦਾ ਹੋਏ ਸ.ਰਾਜੇਵਾਲ ਪੜ੍ਹੇ ਲਿਖੇ, ਉੱਚ ਕੋਟੀ ਦੇ ਵਿਦਵਾਨ ਅਤੇ ਇਕ ਦੂਰਅੰਦੇਸ਼ ਬੁੱਧੀਜੀਵੀ ਕਿਸਾਨ ਹਨ। ਜਿਨ੍ਹਾਂ ਅਪਣੇ ਨਿਜੀ ਉਪਰਾਲਿਆਂ ਰਾਹੀਂ ਕਿਸਾਨ ਯੂਨੀਅਨ ਨੂੰ ਮਾਲਵਾ, ਮਾਝਾ ਅਤੇ ਦੋਆਬਾ ਵਿਚ ਮਜ਼ਬੂਤ ਕੀਤਾ। ਰਹਿੰਦੀ ਕਸਰ ਉਨ੍ਹਾਂ ਪੰਜਾਬ ਦੇ ਵੱਖ ਵੱਖ ਪੰਜਾਬੀ ਅਖ਼ਬਾਰਾਂ ਵਿਚ ਛਪਦੇ ਉਨ੍ਹਾਂ ਦੇ ਆਰਟੀਕਲਾਂ ਨੇ ਪੂਰੀ ਕੀਤੀ ਜਿਨ੍ਹਾਂ ਵਿਚ ਸੂਬੇ ਦੇ ਕਿਸਾਨਾਂ ਨੂੰ ਖੇਤੀਬਾੜੀ ਤੇ ਹੋਣ ਵਾਲੇ ਸੰਭਾਵੀ ਹਮਲਿਆਂ ਬਾਰੇ ਲਗਾਤਾਰ ਸੁਚੇਤ ਕੀਤਾ ਜਾਂਦਾ ਰਿਹਾ ਹੈ।
ਬੀਤੇ ਦਿਨ ਦਿੱਲੀ ਦੇ ਸਿੰਘੂ ਬਾਰਡਰ ਉਪਰ ਉਨ੍ਹਾਂ ਦਾ ਨਿਸ਼ਾਨ ਸਾਹਿਬ ਸਬੰਧੀ ਦਿਤਾ ਬਿਆਨ ਸਿਰਫ਼ ਉਨ੍ਹਾਂ ਦੀ ਅੰਦਰੂਨੀ ਫ਼ਿਕਰਮੰਦੀ ਹੀ ਜ਼ਾਹਰ ਕਰਦਾ ਹੈ ਕਿ ਕਿਤੇ ਆਰ.ਐਸ.ਐਸ. ਵਲੋਂ ਵਰੋਸਾਈ ਕੇਂਦਰ ਦੀ ਭਾਜਪਾ ਸਰਕਾਰ ਦਾ ਆਈ.ਟੀ.ਵਿੰਗ ਅਤੇ ਮੋਦੀ ਸਰਕਾਰ ਦਾ ਗੋਦੀ ਮੀਡੀਆ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਦੀਆਂ ਬੰਦੂਕਾਂ, ਝੂਲਦੇ ਨਿਸ਼ਾਨ ਸਾਹਿਬ ਦੀਆਂ ਫ਼ੋਟੋਆਂ ਬਗ਼ੈਰਾ ਤੋਂ ਕੋਈ ਗ਼ਲਤ ਅਰਥ ਨਾ ਕੱਢ ਸਕਣ। ਜਿਥੋਂ ਤਕ ਸ.ਰਾਜੇਵਾਲ ਦੇ ਧਾਰਮਕ ਜਾਂ ਆਧਾਰਮਕ ਹੋਣ ਦਾ ਸਵਾਲ ਹੈ ਉਹ, ਗੁਰੂ ਸਾਹਿਬਾਨ ਅਤੇ ਭਗਤਾਂ ਵਲੋਂ ਰਚੀਆਂ ਪੰਜਾਂ ਬਾਣੀਆਂ ਦੇ ਨਿਤਨੇਮੀ ਹਨ ਅਤੇ ਇਹ ਨਿਤਨੇਮ ਉਨ੍ਹਾਂ ਦਿੱਲੀ ਮੋਰਚੇ ਵਿਚ ਵੀ ਨਹੀਂ ਤਿਆਗਿਆ ਜਿਸ ਤੋਂ ਪਤਾ ਲਗਦਾ ਹੈ ਕਿ ਉਹ ਸਿੱਖ ਧਰਮ ਵਿਚ ਅਥਾਹ ਸ਼ਰਧਾ ਅਤੇ ਭਰੋਸਾ ਰਖਦੇ ਹਨ ਜਦਕਿ ਬਾਕੀ ਸਾਰੇ ਧਰਮਾਂ ਦਾ ਵੀ ਬਰਾਬਰ ਦਾ ਸਤਿਕਾਰ ਕਰਦੇ ਹਨ। ਖੰਨਾ ਅਤੇ ਸਮਰਾਲਾ ਇਲਾਕੇ ਦੀਆ ਦਰਜਨਾਂ ਧਾਰਮਕ, ਸਮਾਜਕ ਅਤੇ ਵਿਦਿਅਕ ਸੰਸਥਾਵਾਂ ਦੇ ਉਹ ਬਹੁਤ ਸਰਗਰਮ ਅਹੁਦੇਦਾਰ ਹਨ ਜਿਨ੍ਹਾਂ ਦੀ ਸ਼ਖ਼ਸੀਅਤ ਪੂਰੀ ਤਰ੍ਹਾਂ ਖੁਲ੍ਹੀ ਕਿਤਾਬ ਵਾਂਗ ਅਤੇ ਬੇਦਾਗ ਹੈ। ਵਿਦਿਆ ਅਤੇ ਤਜਰਬੇ ਦੇ ਨਜ਼ਰੀਏ ਤੋਂ ਇਸ ਸਮੇਂ ਪੰਜਾਬ ਵਿਚ ਉਨ੍ਹਾਂ ਦੇ ਹਾਣ ਦਾ ਕੋਈ ਵੀ ਕਿਸਾਨ ਆਗੂ ਨਹੀਂ ਪਰ ਉਹ ਦਿੱਲੀ ਮੋਰਚੇ ਵਿਚ ਕਾਫ਼ੀ ਵੱਡੀ ਉਮਰ ਅਤੇ ਸਿਹਤ ਦੇ ਕਮਜ਼ੋਰ ਹੋ ਜਾਣ ਦੇ ਬਾਵਜੂਦ ਵੀ ਪੰਜਾਬ ਵਲ ਮੁੜ ਕੇ ਨਹੀਂ ਝਾਕੇ।