
ਇਕ ਲੱਤ ਨਾਲ ਸਾਈਕਲ ਚਲਾ ਦਿੱਲੀ ਰਵਾਨਾ ਹੋਇਆ ਵਿਅਕਤੀ
ਫ਼ਿਲੌਰ, 16 ਦਸੰਬਰ (ਸੁਰਜੀਤ ਸਿੰਘ ਬਰਨਾਲਾ): ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਮਾਰੂ ਬਿਲਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਹਨ | ਇਸ ਸੰਘਰਸ਼ ਵਿਚ ਹਰ ਵਰਗ ਚਾਹੇ ਉਹ ਅਮੀਰ ਹੋਵੇ ਜਾ ਗ਼ਰੀਬ ਹੋਵੇ ਅਪਣਾ ਯੋਗਦਾਨ ਪਾ ਰਿਹਾ ਹੈ | ਪੰਜਾਬ ਵਿਚ ਕਿਸਾਨੀ ਸੰਘਰਸ਼ ਵਿਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਬਹੁਤ ਯੋਧੇ ਹਨ ਪਰ ਕਈ ਇਸ ਤਰ੍ਹਾਂ ਦੇ ਵੀ ਹਨ, ਜਿਨ੍ਹਾਂ ਯੋਧਿਆ ਨੂੰ ਦਿਲੋਂ ਸਲਾਮ ਕਰਨ ਨੂੰ ਦਿਲ ਕਰਦਾ | ਇਸੇ ਤਰ੍ਹਾਂ ਦਾ ਯੋਧਾ ਹੈ, ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਚੱਗੂਵਾਲ ਦਾ ਜਗਤਾਰ ਸਿੰਘ ਪੁੱਤਰ ਪ੍ਰੀਤਮ ਸਿੰਘ ਜੋ ਇਕ ਲੱਤ ਦੇ ਸਹਾਰੇ ਨਾਲ ਅਪਣੇ ਪੁਰਾਣੇ ਜਿਹੇ ਸਾਈਕਲ ਉਤੇ ਦਿੱਲੀ ਨੂੰ ਰਵਾਨਾ ਹੋਇਆ | ਜਗਤਾਰ ਸਿੰਘ ਨੂੰ ਜਦੋਂ ਪੁਛਿਆ ਗਿਆ ਕਿ ਤੁਸੀਂ ਕੀ ਕਰਨ ਦਿੱਲੀ ਨੂੰ ਜਾ ਰਹੇ ਹੋ ਤਾਂ ਉਸ ਨੇ ਕਿਹਾ ਕਿ ਕਿਸਾਨੀ ਸੰਘਰਸ਼ ਵਿਚ ਮੇਰਾ ਜਿਨ੍ਹਾਂ ਵੀ ਯੋਗਦਾਨ ਪੈ ਜਾਵੇ ਮੈਨੂੰ ਮਾਣ ਹੋਵੇਗਾ | ਉਸ ਨੇ ਦਸਿਆ ਕਿ ਇਕ ਹਾਦਸੇ ਦੌਰਾਨ ਉਸ ਦਾ ਅੱਧੀ ਲੱਤ ਕੱਟੀ ਗਈ ਸੀ ਜਿਸ ਤੋਂ ਬਾਅਦ ਉਸ ਨੇ ਨਕਲੀ ਲੱਤ ਲਗਵਾਈ ਹੋਈ ਹੈ ਅਤੇ ਉਹ ਇੱਕ ਲੱਤ ਨਾਲ ਹੀ ਸਾਈਕਲ ਚਲਾ ਕੇ ਦਿੱਲੀ ਨੂੰ ਜਾ ਰਿਹਾ ਹੈ | ਦੇਖਣ ਵਾਲਿਆਂ ਨੇ ਵੀ ਜਗਤਾਰ ਸਿੰਘ ਦੀ ਇਸ ਦਲੇਰੀ ਨੂੰ ਦੇਖ ਕੇ ਕਿਹਾ ਕਿ ਇੰਨੀ ਠੰਡ ਵਿਚ ਕਿਵੇ ਸਾਈਕਲ ਉਤੇ ਜਾ ਰਿਹਾ ਹੈ | ਸਾਰੇ ਕਹਿਣ ਲੱਗੇ ਕਿ ਧੰਨ ਹੈ ਇਹ ਯੋਧਾ |
16ਫਿਲੌਰ03ਲੋਕਲ
ਦਿੱਲੀ ਨੂੰ ਸਾਈਕਲ ਤੇ ਜਾਂਦਾ ਜਗਤਾਰ ਸਿੰਘ | ਤਸਵੀਰ: ਸੁਰਜੀਤ ਸਿੰਘ ਬਰਨਾਲਾ