
ਅਕਾਲੀ ਦਲ ਦੀ 100ਵੀਂ ਵਰ੍ਹੇਗੰਢ ’ਤੇ ਦਿੱਲੀ ਕਮੇਟੀ ਮੈਂਬਰ ਨੇ ਬਾਦਲਾਂ ਨੂੰ ਵਿਖਾਇਆ ਸ਼ੀਸ਼ਾ
ਕਿਹਾ, ਸਾਡੇ ਪੁਰਖਿਆਂ ਨੇ ਤਾਂ ਹਜ਼ਾਰਾਂ ਸ਼ਹੀਦੀਆਂ ਦੇ ਦਿਤੀਆਂ, ਪਰ ਤੁਸੀਂ ਆਉਣ ਵਾਲੀ ਪਨੀਰੀ ਨੂੰ ਕਿਹੜੀ ਵਿਰਾਸਤ ਦੇ ਰਹੇ ਹੋ?
ਨਵੀਂ ਦਿੱਲੀ, 16 ਦਸੰਬਰ (ਅਮਨਦੀਪ ਸਿੰਘ): ਭਾਵੇਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਕਾਲੀ ਦਲ ਦਾ 100 ਸਾਲਾ ਕਾਇਮੀ ਦਿਹਾੜੇ ਮਨਾ ਕੇ, ‘ਮੈਨੂੰ ਅਕਾਲੀ ਹੋਣ ’ਤੇ ਮਾਣ ਹੈ’ ਦੇ ਨਾਹਰਿਆਂ ਹੇਠ ਖ਼ੁਦ ਦੇ ਅਸਲ ਅਕਾਲੀ ਹੋਣ ਦਾ ਭੁਲੇਖਾ ਪਾ ਰਿਹਾ ਹੈ ਪਰ ਕਦੇ ਅਕਾਲੀ ਦਲ ਦਾ ਹਿੱਸਾ ਰਹੇ ਲੋਕ ਅਕਾਲੀ ਦਲ ਦੇ ਪੰਜਾਬੀ ਪਾਰਟੀ ਬਣ ਕੇ ਲੀਹੋਂ ਲੱਥ ਜਾਣ ’ਤੇ ਹੰਝੂ ਵਹਾ ਰਹੇ ਹਨ।
ਅਕਾਲੀ ਦਲ ਦੇ 100ਵੇਂ ਦਿਹਾੜੇ ’ਤੇ ਦਿੱਲੀ ਗੁਰਦਵਾਰਾ ਕਮੇਟੀ ਦੇ ਮੈਂਬਰ ਤੇ ਗੁਰਮਤਿ ਕਾਲਜ ਦੇ ਸਾਬਕਾ ਚੇਅਰਮੈਨ ਸ.ਹਰਿੰਦਰਪਾਲ ਸਿੰਘ ਨੇ ਫੇਸਬੁੱਕ ’ਤੇ ਸਿੱਖ ਕੌਮ ਤੇ ਅਕਾਲੀ ਦਲ ਬਾਦਲ ਨੂੰ ਸਵੈ ਪੜਚੋਲ ਕਰਨ ਦੀ ਨਸੀਹਤ ਦਿਤੀ ਹੈ ਤੇ ਪੁਛਿਆ ਹੈ ਕਿ ਅੱਜ ਸਿੱਖ ਕੌਮ ਤੇ ਅਕਾਲੀ ਦਲ ਕਿਥੇ ਖੜਾ ਹੈ। ਕੀ ਇਸ ਦਿਨ ਲਈ ਸਾਡੇ ਪੁਰਖ਼ਿਆਂ ਨੇ ਹਜ਼ਾਰਾਂ ਸ਼ਹੀਦੀਆਂ ਦਿਤੀਆਂ ਸਨ? ਪਿਛਲੇ ਦਿਨੀਂ ਅਕਾਲੀ ਦਲ ਤੇ ਪੰਥਕ ਰਵਾਇਤਾਂ ਤੇ ਅਕਾਲੀ ਦਲ ਦੇ ਸਿਧਾਂਤਾਂ ਤੋਂ ਭਗੌੜਾ ਹੋਣ ਦੇ ਦੋਸ਼ ਲਾ ਕੇ, ਉਨ੍ਹਾਂ ਸ.ਸੁਖਬੀਰ ਸਿੰਘ ਬਾਦਲ ਨੂੰ ਅਪਣਾ ਅਸਤੀਫ਼ਾ ਦੇ ਦਿਤਾ ਸੀ। ਉਨ੍ਹਾਂ ਲਿਖਿਆ ਹੈ, ‘ਅੱਜ ਦੇ ਦਿਨ 14 ਦਸੰਬਰ 1920 ਨੂੰ ਅਕਾਲੀ ਦਲ ਹੋਂਦ ਵਿਚ ਆਇਆ ਸੀ ਅਤੇ ਅੱਜ 100 ਸਾਲ ਪੂਰੇ ਹੋਣ ਉਤੇ, ਜਿਥੇ ਇਸ ਜਜ਼ਬਾਤੀ ਕੌਮ ਲਈ ਖ਼ੁਸ਼ੀ ਦੇ ਪ੍ਰਗਟਾਵੇ ਦਾ ਮੰਜ਼ਰ ਹੈ, ਉਥੇ ਆਤਮ-ਚਿੰਤਨ ਕਰਨ ਦਾ ਵੀ। ਜਿਸ ਮਕਸਦ ਅਤੇ ਉਦੇਸ਼ ਲਈ ਸਾਡੇ ਵਡੇਰਿਆਂ ਨੇ ਹਜ਼ਾਰਾਂ ਕੁਰਬਾਨੀਆਂ ਦੇ ਕੇ ਅਪਣੇ ਲਹੂ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਬੁਨਿਆਦ ਰੱਖੀ ਸੀ, ਅੱਜ ਉਹ ‘ਅਕਾਲੀ ਦਲ’ ਕਿਥੇ ਖੜਾ ਹੈ ਅਤੇ ਉਸ ਦੀ ਦਿਸ਼ਾ ਤੇ ਦਸ਼ਾ ਕੀ ਹੈ?’
ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਸ. ਗੁਰਚਰਨ ਸਿੰਘ ਟੌਹੜਾ ਦੇ ਕਰੀਬੀ ਸ.ਹਰਿੰਦਰਪਾਲ ਸਿੰਘ ਨੇ ਬਾਦਲਾਂ ਨੂੰ ਸ਼ੀਸ਼ਾ ਵਿਖਾਉਂਦੇ ਹੋਏ ਕਿਹਾ, ‘‘ਅਕਾਲੀ ਸ਼ਬਦ ਦਾ ਭਾਵ ਹੈ: ਜੋ ਅਪਣੇ ਅੰਦਰੋਂ ਖ਼ਰੇ ਹਨ ਤੇ ਜੋ ਅਪਣੀ ਅਸਲ ਪਛਾਣ ਵਿਚ ਜਿਊਂਦੇ ਹਨ।’ ਪਰ ਬੜਾ ਹੈਰਾਨੀਜਨਕ ਤੇ ਚਿੰਤਾਜਨਕ ਪ੍ਰਸ਼ਨ ਇਹ ਹੈ ਕਿ ਕੀ ਇਹੋ ਜਿਹੇ ਲੋਕਾਂ ਦੀ ਜਥੇਬੰਦੀ ਅੱਜ ਇਕ ਸ਼ਤਾਬਦੀ ਬਾਅਦ ਕਿਥੇ ਖੜੀ ਹੈ ਅਤੇ ਅਪਣੀ ਪਨੀਰੀ ਨੂੰ, ਅਪਣੇ ਵਾਰਸਾਂ ਨੂੰ ਵਿਰਸੇ ਵਿਚ ਕੀ ਦੇਣ ਜਾ ਰਹੀ ਹੈ? ਗੌਰ ਕਰਨ ਵਾਲੀ ਸੱਚਾਈ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਸਿੱਖ ਪੰਥ ਦੇ ਤਾਰੀਖ਼ੀ ਗੁਰਦਵਾਰਿਆ ਦੇ ਰੱਖ ਰਖਾਅ ਅਤੇ ਸੁਧਾਰ ਦੀ ਲਹਿਰ ਵਿਚੋਂ ਹੋਇਆ ਸੀ। ਵਿਸ਼ਾ ਘੋਰ ਚਿੰਤਾ ਦਾ ਹੈ ਅਤੇ ਚਿੰਤਨ ਦਾ ਵੀ।’’